
ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ‘ਰਬੜ ਸਟੈਂਪ ਮੁੱਖ ਮੰਤਰੀ’ ਬਣ ਕੇ ਰਹਿ ਗਏ ਹਨ, ਜਿਸ ਨੂੰ ਚਾਬੀ ਦੇ ਕੇ ਛੱਡ ਦਿੱਤਾ ਜਾਂਦਾ ਹੈ।
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਵੀਰਵਾਰ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਨਵਜੋਤ ਸਿੱਧੂ ਨੇ ਰਾਜਪਾਲ ਨੂੰ ਪੰਜਾਬ ਨਾਲ ਸਬੰਧਤ ਮਸਲਿਆਂ ਸਬੰਧੀ ਮੰਗ ਪੱਤਰ ਸੌਂਪਿਆ। ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦੇ ਹੱਕਾਂ ਲਈ ਉਹ ਦਿੱਲੀ ਵੀ ਜਾਣਗੇ। ਇਸ ਤੋਂ ਬਾਅਦ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ‘ਰਬੜ ਸਟੈਂਪ ਮੁੱਖ ਮੰਤਰੀ’ ਬਣ ਕੇ ਰਹਿ ਗਏ ਹਨ, ਜਿਸ ਨੂੰ ਚਾਬੀ ਦੇ ਕੇ ਛੱਡ ਦਿੱਤਾ ਜਾਂਦਾ ਹੈ। ਸਿੱਧੂ ਨੇ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸੀਐਮ ਮਾਨ 'ਤੇ ਵਿਅੰਗ ਕੱਸਦਿਆਂ ਕਿਹਾ ਕਿ ਅੰਗਰੇਜ਼ਾਂ ਦੇ ਪੰਜਾਬ ਆਉਣ ਦੀ ਗੱਲ ਛੱਡੋ, ਜੇਕਰ ਇਹੀ ਸਥਿਤੀ ਰਹੀ ਤਾਂ 3 ਕਰੋੜ ਪੰਜਾਬੀ ਵੀ ਪੰਜਾਬ ਛੱਡ ਕੇ ਭੱਜ ਜਾਣਗੇ।
ਨਵਜੋਤ ਸਿੱਧੂ ਨੇ ਅਲਕਾ ਲਾਂਬਾ ਅਤੇ ਕੁਮਾਵ ਵਿਸ਼ਵਾਸ ਖ਼ਿਲਾਫ਼ ਦਰਜ ਕੇਸ ਦਾ ਵੀ ਵਿਰੋਧ ਕੀਤਾ। ਉਹਨਾਂ ਕਿਹਾ ਕਿ ਜਿਸ ਦਿਨ ਉਹ ਪੇਸ਼ ਹੋਣ ਲਈ ਥਾਣੇ ਜਾਣਗੇ, ਉਹ ਵੀ ਉਹਨਾਂ ਦੇ ਨਾਲ ਹੋਣਗੇ। ਬਿਜਲੀ ਸੰਕਟ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਅੱਜ 8000 ਮੈਗਾਵਾਟ ਦੀ ਮੰਗ ਹੈ ਪਰ ਥਰਮਲ ਪਲਾਂਟ ਬੰਦ ਹੋ ਰਹੇ ਹਨ। ਉਹਨਾਂ ਕਿਹਾ ਕਿ ਪਿੰਡਾਂ ਨੂੰ ਸਿਰਫ਼ 2 ਘੰਟੇ ਬਿਜਲੀ ਮਿਲ ਰਹੀ ਹੈ। ਜਦੋਂ 15,000 ਮੈਗਾਵਾਟ ਬਿਜਲੀ ਦੀ ਲੋੜ ਪਵੇਗੀ ਤਾਂ ਸਰਕਾਰ ਵੱਲੋਂ ਇਸ ਨੂੰ ਕਿਵੇਂ ਪੂਰਾ ਕੀਤਾ ਜਾਵੇਗਾ? ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨਾਂ ਲਈ 500 ਰੁਪਏ ਬੋਨਸ ਦੀ ਮੰਗ ਕਰਦਿਆਂ ਕਿਹਾ ਕਿ ਯੂਕਰੇਨ-ਰੂਸ ਜੰਗ ਕਾਰਨ ਕਣਕ ਦੀ ਕਮੀ ਹੈ। ਇਸ ਨਾਲ ਕੀਮਤਾਂ ਵਧ ਗਈਆਂ ਹਨ। ਜੇ ਕੇਂਦਰ ਸਰਕਾਰ ਨੂੰ ਫਾਇਦਾ ਹੋ ਰਿਹਾ ਹੈ ਤਾਂ ਇਸ ਦਾ ਲਾਭ ਕਿਸਾਨਾਂ ਨੂੰ ਵੀ ਮਿਲਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਪੰਜਾਬ ਵਿਚ ਲੋਕਾਂ ਦੀ ਜਾਨ ਮਾਲ ਦੀ ਰਾਖੀ ਨਹੀਂ ਕੀਤੀ ਜਾ ਰਹੀ। ਇੱਥੇ ਸ਼ਰੇਆਮ ਗੋਲੀਆਂ ਚੱਲ ਰਹੀਆਂ ਹਨ। 40 ਲੋਕਾਂ ਦੀ ਮੌਤ ਹੋ ਗਈ ਅਤੇ ਮੁੱਖ ਮੰਤਰੀ ਹਿਮਾਚਲ ਦੀਆਂ ਠੰਡੀਆਂ ਵਾਦੀਆਂ ਵਿਚ ਘੁੰਮ ਰਹੇ ਸਨ। ਪੰਜਾਬ ਦੀ ਚਿੰਤਾ ਛੱਡ ਕੇ ਗੁਜਰਾਤ ਜਾ ਰਹੇ ਹਨ। ਪੰਜਾਬ ਦੇ ਪੈਸੇ 'ਤੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬੀਆਂ ਦੇ ਖੂਨ ਪਸੀਨੇ ਨਾਲ ਗੁਜਰਾਤ-ਹਿਮਾਚਲ ਵਿਚ ਇਸ਼ਤਿਹਾਰ ਕਿਉਂ ਦਿੱਤੇ ਜਾ ਰਹੇ ਹਨ?
ਸਿੱਧੂ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਸਿਆਸੀਕਰਨ ਹੋ ਗਿਆ ਹੈ। ਇੱਥੇ ਲੋਕ ਮਰ ਰਹੇ ਹਨ। ਗੋਲੀਆਂ ਚੱਲ ਰਹੀਆਂ ਹਨ ਅਤੇ ਫਿਰੌਤੀ ਮੰਗੀ ਜਾ ਰਹੀ ਹੈ।
ਇੱਥੇ ਕਾਰਵਾਈ ਛੱਡ ਕੇ ਪੰਜਾਬ ਪੁਲਿਸ ਕੇਜਰੀਵਾਲ ਖਿਲਾਫ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਖਿਲਾਫ ਪਰਚੇ ਦਰਜ ਕਰ ਰਹੀ ਹੈ। ਉਹਨਾਂ ਕਿਹਾ ਕਿ ‘ਬਦਲਾਅ’ ਦੀ ਥਾਂ ਬਦਲੇ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਐਸਵਾਈਐਲ ਮੁੱਦੇ ’ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਸੁਸ਼ੀਲ ਗੁਪਤਾ ਕੋਲ ਐਸਵਾਈਐਲ ਬਾਰੇ ਬੋਲਣ ਦੀ ਤਾਕਤ ਨਹੀਂ ਹੈ। ਅਸਲ ਵਿਚ ਗੁਪਤਾ ਵਿਚ ਕੇਜਰੀਵਾਲ ਹੀ ਬੋਲ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀ ਦੀ ਇਕ ਬੂੰਦ ਵੀ ਨਹੀਂ ਦਿੱਤੀ ਜਾਵੇਗੀ। ਹਿੰਮਤ ਹੈ ਤਾਂ ਪਾਣੀ ਛੱਡ ਕੇ ਦੇਖੋ, ਸਿੱਧੂ ਸਭ ਤੋਂ ਅੱਗੇ ਹੋਵੇਗਾ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਪਣਾ ਸਟੈਂਡ ਸਪੱਸ਼ਟ ਕਰਨ।