
ਕਿਸਾਨਾਂ ਨੇ 20 ਫੀਸਦੀ ਘੱਟ ਝਾੜ ਦੀ ਕੀਤਾ ਦਾਅਵਾ
ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਨੂੰ ਇਸ ਵਾਰ ਮੌਸਮ ਦੀ ਵੱਡੀ ਮਾਰ ਝੱਲਣੀ ਪਈ। ਮਾਰਚ ਮਹੀਨੇ ਵਿਚ ਇੱਕ ਦਮ ਗਰਮੀ ਵਧਣ ਨਾਲ ਕਣਕ ਦਾ ਝਾੜ ਕਾਫ਼ੀ ਘਟ ਗਿਆ। ਇਸ ਦੀ ਪੁਸ਼ਟੀ ਸਰਕਾਰੀ ਸਰਵੇ ਵਿੱਚ ਵੀ ਹੋ ਗਈ ਹੈ। ਉਂਝ ਸਰਕਾਰੀ ਅੰਕੜਿਆਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਣਕ ਦਾ ਝਾੜ 10 ਫੀਸਦੀ ਦੇ ਕਰੀਬ ਘਟਿਆ ਹੈ ਪਰ ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਕਣਕ ਦਾ ਝਾੜ 20 ਫੀਸਦੀ ਦੇ ਕਰੀਬ ਘਟਿਆ ਹੈ। ਇਸ ਲਈ ਘੱਟੋ-ਘੱਟ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦਿੱਤਾ ਜਾਵੇ।
wheat
ਜ਼ਿਕਰਯੋਗ ਹੈ ਕਿ ਕਿਸਾਨਾਂ ਦੀਆਂ ਸ਼ਿਕਾਇਤਾਂ ਮਗਰੋਂ ਪੰਜਾਬ ਸਰਕਾਰ ਵੱਲੋਂ ਸੈਂਪਲ ਲੈਣ ਦੀ ਹਦਾਇਤ ਕੀਤੀ ਗਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਣਕ ਦੇ ਘਟੇ ਝਾੜ ਦੀ ਸਥਿਤੀ ਜਾਣਨ ਲਈ ਖੇਤੀ ਮਹਿਕਮੇ ਦੀ ਕਮੇਟੀ ਬਣਾ ਕੇ ਸਥਿਤੀ ਜਾਣਨ ਦਾ ਹੁਕਮ ਦਿੱਤਾ ਸੀ। ਇਸ ਤਹਿਤ ਪੂਰੇ ਪੰਜਾਬ ਵਿੱਚੋਂ 2200 ਸੈਂਪਲ ਲਏ ਗਏ ਸੀ। ਇਨ੍ਹਾਂ ਸੈਂਪਲਾਂ ਦੇ ਨਿਰੀਖਣ ਮਗਰੋਂ ਕਣਕ ਦੇ ਝਾੜ ਵਿੱਚ 10 ਫ਼ੀਸਦ ਦੀ ਕਮੀ ਹੋਣ ਦੀ ਪੁਸ਼ਟੀ ਹੋਈ ਹੈ।
Wheat
ਪੰਜਾਬ ’ਚ ਇਸ ਵਾਰ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਗਈ ਸੀ। ਪੰਜਾਬ ਸਰਕਾਰ ਦਾ 132 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਦਾ ਟੀਚਾ ਸੀ। ਮਾਰਚ ਮਹੀਨੇ ਵਿੱਚ ਇਕਦਮ ਤਾਪਮਾਨ ’ਚ ਹੋਏ ਵਾਧੇ ਕਾਰਨ ਕਣਕ ਦਾ ਦਾਣਾ ਮੁਕੰਮਲ ਨਹੀਂ ਬਣ ਸਕਿਆ, ਜਿਸ ਕਰਕੇ ਝਾੜ ਵਿੱਚ ਕਮੀ ਆਈ ਹੈ। ਖੇਤੀ ਮਹਿਕਮੇ ਅਨੁਸਾਰ ਪਿਛਲੇ ਸਾਲ ਪ੍ਰਤੀ ਹੈਕਟੇਅਰ ਕਣਕ ਦਾ ਝਾੜ 48.68 ਕੁਇੰਟਲ ਸੀ ਜਦਕਿ ਇਸ ਵਾਰ ਇਹ ਅੰਕੜਾ 43 ਕੁਇੰਟਲ ਹੈ।