
ਸੁਨੀਲ ਜਾਖੜ ਨੇ ਟਰੱਸਟ ਅਤੇ ਪ੍ਰਬੰਧਕਾਂ ਨੂੰ ਸਪੱਸ਼ਟ ਕੀਤਾ ਕਿ ਉਹਨਾਂ ਨੇ ਰਵਿਦਾਸੀਆ ਸਮਾਜ ਲਈ ਕੋਈ ਇਤਰਾਜ਼ਯੋਗ ਟਿੱਪਣੀ ਨਹੀਂ ਕੀਤੀ ਹੈ।
ਵਾਰਾਣਸੀ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਪਹੁੰਚੇ ਹਨ। ਇੱਥੇ ਉਹਨਾਂ ਨੇ ਸੰਤ ਰਵਿਦਾਸ ਜੀ ਦੇ ਜਨਮ ਅਸਥਾਨ ਸੀਰ ਗੋਵਰਧਨਪੁਰ ਵਿਖੇ ਮੱਥਾ ਟੇਕਿਆ। ਇੱਥੇ ਪਹੁੰਚ ਕੇ ਜਾਖੜ ਨੇ ਟਰੱਸਟ ਅਤੇ ਪ੍ਰਬੰਧਕਾਂ ਨੂੰ ਸਪੱਸ਼ਟ ਕੀਤਾ ਕਿ ਉਹਨਾਂ ਨੇ ਰਵਿਦਾਸੀਆ ਸਮਾਜ ਲਈ ਕੋਈ ਇਤਰਾਜ਼ਯੋਗ ਟਿੱਪਣੀ ਨਹੀਂ ਕੀਤੀ ਹੈ। ਜਿਸ ਦੇ ਸਬੰਧ 'ਚ ਉਹਨਾਂ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
Sunil Jakhar at Sant Ravidas temple
ਜਾਖੜ ਨੇ ਕਿਹਾ ਕਿ ਮੈਂ ਕਦੇ ਵੀ ਦਲਿਤ ਸਮਾਜ ਵਿਰੁੱਧ ਕੋਈ ਇਤਰਾਜ਼ਯੋਗ ਭਾਸ਼ਾ ਨਹੀਂ ਵਰਤੀ। ਜੇਕਰ ਮੇਰੇ ਕਿਸੇ ਵੀ ਸ਼ਬਦ ਨਾਲ ਸਮਾਜ ਦੇ ਲੋਕਾਂ ਨੂੰ ਠੇਸ ਪਹੁੰਚੀ ਹੈ ਜਾਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਸ ਲਈ ਮੈਂ ਸੰਤਾਂ ਦੇ ਦਰਬਾਰ ਵਿਚ ਮੱਥਾ ਟੇਕਣ ਆਇਆ ਹਾਂ। ਸੁਨੀਲ ਜਾਖੜ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਅੱਜ ਉਹਨਾਂ ਨੂੰ ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਅਸਥਾਨ 'ਤੇ ਮੱਥਾ ਟੇਕਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜਾਖੜ ਨੇ ਕਿਹਾ ਕਿ ਸਾਡਾ ਇਸ ਸਮਾਜ ਨਾਲ ਪਹਿਲਾਂ ਵੀ ਰਿਸ਼ਤਾ ਅਤੇ ਭਾਈਚਾਰਾ ਸੀ ਅਤੇ ਅੱਗੇ ਵੀ ਰਹੇਗਾ।
ਦੱਸ ਦੇਈਏ ਕਿ ਸੁਨੀਲ ਜਾਖੜ ਨੇ ਹਾਲ ਹੀ ਵਿਚ ਇਸੇ ਮੁੱਦੇ 'ਤੇ ਕਾਂਗਰਸ ਹਾਈਕਮਾਂਡ ਦੇ ਨੋਟਿਸ ਦਾ ਜਵਾਬ ਨਹੀਂ ਦਿੱਤਾ। ਕਾਂਗਰਸ ਆਗੂ ਸੁਨੀਲ ਜਾਖੜ 'ਤੇ ਇਕ ਟੀਵੀ ਇੰਟਰਵਿਊ ਦੌਰਾਨ ਦਲਿਤਾਂ ਖਿਲਾਫ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਦੇ ਇਲਜ਼ਾਮ ਲੱਗੇ ਸਨ। ਹਾਲਾਂਕਿ ਇਸ ਤੋਂ ਬਾਅਦ ਉਹਨਾਂ ਨੇ ਅਪਣੇ ਬਿਆਨ ਨੂੰ ਲੈ ਕੇ ਸਪੱਸ਼ਟੀਕਰਨ ਵੀ ਦਿੱਤਾ ਸੀ।