
ਬਿਜਲੀ ਬਿੱਲ ਪਾਸ ਕਰਨ ਬਦਲੇ 12 ਹਜ਼ਾਰ ਵਸੂਲਣ ਅਤੇ 7 ਹਜ਼ਾਰ ਰੁਪਏ ਦੀ ਹੋਰ ਮੰਗ ਕਰਨ ਦੇ ਲੱਗੇ ਇਲਜ਼ਾਮ
ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਸ਼ਹਿਣਸ਼ੀਲਤਾ ਦੀ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਰਿਸ਼ਵਤਖੋਰੀ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਸ਼ੁੱਕਰਵਾਰ ਨੂੰ ਰਾਜਨ ਕੁਮਾਰ ਜੇ.ਈ. ਬਿਜਲੀ ਉਪ ਮੰਡਲ-2, ਪੰਜਾਬ ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ ਸਾਖਾ) ਬਠਿੰਡਾ ਨੂੰ 12,000 ਰੁਪਏ ਹਾਸਲ ਕਰਨ ਅਤੇ 7,000 ਰੁਪਏ ਹੋਰ ਰਿਸ਼ਵਤ ਦੀ ਮੰਗ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਗੁਰਮੇਲ ਸਿੰਘ ਵਾਸੀ ਮੌੜ ਮੰਡੀ, ਜ਼ਿਲ੍ਹਾ ਬਠਿੰਡਾ ਵੱਲੋਂ ਮੁੱਖ ਮੰਤਰੀ ਦੀ ਐਂਟੀ ਕਰੱਪਸ਼ਨ ਐਕਸ਼ਨ ਲਾਈਨ ਉਪਰ ਕੀਤੀ ਗਈ ਆਨਲਾਈਨ ਸ਼ਿਕਾਇਤ ਦੇ ਆਧਾਰ ਉਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਾਣਿਆ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹਾਲ
ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਗਿਆ ਹੈ ਕਿ ਜੇ.ਈ. ਵੱਲੋਂ ਪਿੰਡ ਕਰਾੜਵਾਲਾ, ਜ਼ਿਲ੍ਹਾ ਬਠਿੰਡਾ ਵਿਖੇ ਮੁਹੱਲਾ ਕਲੀਨਿਕ ਦੀ ਮੁਰੰਮਤ ਦੇ ਕੀਤੇ ਗਏ ਕੰਮਾਂ ਸਬੰਧੀ ਅਤੇ ਬਿਜਲੀ ਦੇ ਬਿੱਲਾਂ ਨੂੰ ਪਾਸ ਕਰਨ ਬਦਲੇ ਕੁੱਲ ਰਕਮ ਦੇ 5 ਫ਼ੀਸਦੀ ਦੇ ਹਿਸਾਬ ਨਾਲ 12,000 ਰੁਪਏ ਬਤੌਰ ਰਿਸ਼ਵਤ ਸ਼ਿਕਾਇਤਕਰਤਾ ਦੇ ਪਿਤਾ ਡਿਪਟੀ ਸਿੰਘ ਕੋਲੋਂ ਹਾਸਲ ਕਰ ਚੁੱਕਾ ਹੈ ਅਤੇ 3 ਫ਼ੀਸਦ ਦੇ ਹਿਸਾਬ ਨਾਲ ਹੋਰ 7000 ਰੁਪਏ ਹੋਰ ਰਿਸ਼ਵਤ ਦੀ ਮੰਗ ਕੀਤੀ ਹੈ ਜਿਸ ਦੀ ਸ਼ਿਕਾਇਤਕਰਤਾ ਵੱਲੋਂ ਰਿਕਾਰਡਿੰਗ ਕਰ ਲਈ ਸੀ ਜੋ ਉਸ ਨੇ ਵਿਜੀਲੈਂਸ ਨੂੰ ਬਤੌਰ ਸਬੂਤ ਦੇ ਦਿੱਤੀ ਹੈ।
ਬੁਲਾਰੇ ਨੇ ਦੱਸਿਆ ਵਿਜੀਲੈਂਸ ਬਿਊਰੋ ਵੱਲੋਂ ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਉਕਤ ਦੋਸ਼ੀ ਵੱਲੋਂ ਸ਼ਿਕਾਇਤਕਰਤਾ ਉਕਤ ਪਾਸੋਂ ਰਿਸ਼ਵਤ ਹਾਸਲ ਕਰਨ ਅਤੇ ਹੋਰ ਰਿਸ਼ਵਤ ਦੀ ਮੰਗ ਕਰਨਾ ਸਹੀ ਪਾਇਆ ਗਿਆ, ਜਿਸ ਦੇ ਆਧਾਰ ਉਤੇ ਰਾਜਨ ਕੁਮਾਰ ਜੇ.ਈ. ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ਼ ਬਠਿੰਡਾ ਵਿਖੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।