
ਆਈਸਰ ਦੀ 7ਵੀਂ ਸਾਲਾਨਾ ਕਨਵੋਕੇਸ਼ਨ ਵਿਚ ਰਾਸ਼ਟਰਪਤੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਐਸ.ਏ.ਐਸ. ਨਗਰ, (ਸੁਖਦੀਪ ਸਿੰਘ ਸੋਈ): ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਦੇਸ਼ ਦੀ ਨਾਮਵਰ ਸੰਸਥਾ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਚਰ (ਆਈਸਰ), ਐਸ.ਏੇ.ਐਸ. ਨਗਰ ਦੀ 7ਵੀਂ ਸਾਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਗਿਆਨਕ ਖੋਜ ਦਾ ਖੇਤਰ ਪੰਜਾਬ ਦੀ ਵਿਰਾਸਤ ਨਾਲ ਜੁੜਿਆ ਹੋਇਆ ਹੈ, ਜਿਸ ਤੋਂ ਆਈਸਰ ਵਰਗੀ ਸੰਸਥਾ ਨੂੰ ਪ੍ਰੇਰਨਾ ਮਿਲ ਰਹੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਵਿਗਿਆਨਕ ਗਿਆਨ ਦੀ ਉਤਪਤੀ ਅਤੇ ਸਿਖਲਾਈ ਦੇ ਸ਼ੁਰੂਆਤੀ ਕੇਂਦਰਾਂ ਵਿਚੋਂ ਇਕ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸੰਸਥਾ ਦੇ ਵਿਹੜੇ ਵਿਚ ਬੂਟਾ ਲਾਇਆ ਅਤੇ ਸੰਸਥਾ ਦੇ 152 ਵਿਦਿਆਰਥੀਆਂ ਨੂੰ ਬੀ.ਐਸ., ਬੀ.ਐਸ-ਐਮ.ਐਸ. ਅਤੇ ਪੀ ਐਚ.ਡੀ. ਦੀਆਂ ਡਿਗਰੀਆਂ ਵੰਡੀਆਂ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਪੰਜਾਬ ਦੀ ਇਹ ਵਿਰਾਸਤ ਉਦਾਹਰਨ ਪੇਸ਼ ਕਰਦੀ ਹੈ ਕਿ ਕਿਵੇਂ ਇਕ ਪਾਸੇ ਵਿਗਿਆਨਕ ਖੋਜੀਆਂ ਅਤੇ ਤਕਨੀਸ਼ਨਾਂ ਦੇ ਸੁਮੇਲ ਅਤੇ ਦੂਜੇ ਬੰਨੇ ਵੱਡੀ ਵਿਕਾਸ ਪ੍ਰਣਾਲੀ ਨੇ ਦੇਸ਼ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਹੈ।
ਉਨ੍ਹਾਂ ਕਿਹਾ ਕਿ ਭਾਖੜਾ-ਨੰਗਲ ਪ੍ਰਾਜੈਕਟ ਵਰਗੇ ਵੱਡੇ ਪ੍ਰਾਜੈਕਟਾਂ ਵਿਚ ਜ਼ਮੀਨੀਂ ਪੱਧਰ 'ਤੇ ਤਕਨੀਸ਼ਨਾਂ ਵਲੋਂ ਨਿਭਾਏ ਰੋਲ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਖੇਤੀਬਾੜੀ ਵਿਗਿਆਨੀਆਂ ਅਤੇ ਯੂਨੀਵਰਸਟੀਆਂ ਨੇ ਅਨਾਜ ਦੀ ਪੈਦਾਵਾਰ ਵਧਾਉਣ ਅਤੇ ਹਰੀ ਕ੍ਰਾਂਤੀ ਲਈ ਆਧਾਰ ਮੁਹਈਆ ਕਰਵਾਇਆ। ਰਾਸ਼ਟਰਪਤੀ ਨੇ ਕਿਹਾ ਕਿ ਅੱਜ ਮੋਹਾਲੀ ਆਈ.ਟੀ., ਬਾਇਉਟੈਕਨਾਲੋਜੀ, ਬਾਇਉਇਨਫ਼ਰਮੈਟਿਕਸ ਅਤੇ ਹੋਰਨਾਂ ਖੇਤਰਾਂ ਦਾ ਧੁਰਾ ਬਣ ਗਿਆ ਹੈ।
ਸ੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਆਈਸਰ ਉੱਚ ਵਿੱਦਿਆ ਅਤੇ ਖੋਜ ਸਬੰਧੀ ਦੇਸ਼ ਦੀਆਂ ਸੱਭ ਤੋਂ ਅਹਿਮ ਸੰਸਥਾਵਾਂ ਵਿਚ ਸ਼ੁਮਾਰ ਹੈ। ਉੱਤਰੀ ਭਾਰਤ ਵਿਚੋਂ ਇਹ ਸੰਸਥਾ ਬਹੁਤ ਥੋੜੇ ਸਮੇਂ ਵਿਚ ਸਾਇੰਸ ਨੂੰ ਸਮਰਪਿਤ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਗਈ ਹੈ। ਇਸ ਤੋਂ ਇਲਾਵਾ ਭਾਰਤ ਅਤੇ ਭਾਰਤੀ ਸਮਾਜ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਵਿਗਿਆਨਕ ਖੋਜ ਨੂੰ ਉਤਸ਼ਾਹਤ ਕਰਨ ਅਤੇ ਇਸ ਸਬੰਧੀ ਸਹੂਲਤਾਂ ਮੁਹਈਆ ਕਰਵਾਉਣ ਦੇ ਅਪਣੇ ਉਦੇਸ਼ ਵਲ ਵੀ ਇਹ ਸੰਸਥਾ ਲਗਾਤਾਰ ਅੱਗੇ ਵੱਧ ਰਹੀ ਹੈ।
ਉਨ੍ਹਾਂ ਨੇ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸਮਾਜ, ਮਿਹਨਤਕਸ਼ ਕਰਦਾਤਾਵਾਂ, ਸਰਕਾਰੀ ਏਜੰਸੀਆਂ ਅਤੇ ਹੋਰਨਾਂ ਭਾਈਵਾਲਾਂ, ਜਿਨ੍ਹਾਂ ਨੇ ਆਈਸਰ ਅਤੇ ਇਸ ਦੇ ਵਿਦਿਆਰਥੀਆਂ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਸਹਿਯੋਗ ਦਿਤਾ ਹੈ, ਨੂੰ ਕਦੇ ਵੀ ਨਾ ਭੁੱਲਣ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿਤੀ ਕਿ ਉਹ ਸਮਾਜ ਅਤੇ ਦੇਸ਼ ਪ੍ਰਤੀ ਕੁੱਝ ਨਾ ਕੁੱਝ ਕਰਨ ਦੀ ਭਾਵਨਾ ਜ਼ਰੂਰ ਰੱਖਣ, ਖ਼ਾਸਕਰ ਕੇ ਉਨ੍ਹਾਂ ਲਈ ਜਿਨ੍ਹਾਂ ਕੋਲ ਸਾਧਨਾਂ ਦੀ ਘਾਟ ਹੈ।