
ਪੰਜਾਬ ਵਿਧਾਨ ਸਭਾ ਦੇ ਚੌਥੇ ਸਾਲ 20-21 ਦੌਰਾਨ 13 ਕਮੇਟੀਆਂ ਦੇ ਬੀਤੇ ਕਲ ਗਠਨ ਕੀਤੇ ਜਾਣ 'ਤੇ ਕਈ ਦਿਲਚਸਪ ਨੁਕਤੇ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਚੌਥੇ ਸਾਲ 20-21 ਦੌਰਾਨ 13 ਕਮੇਟੀਆਂ ਦੇ ਬੀਤੇ ਕਲ ਗਠਨ ਕੀਤੇ ਜਾਣ 'ਤੇ ਕਈ ਦਿਲਚਸਪ ਨੁਕਤੇ ਸਾਹਮਣੇ ਆਏ ਹਨ ਜਿਨ੍ਹਾਂ 'ਚ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੂੰ ਅਜੇ ਵੀ ਸ਼੍ਰੋਮਣੀ ਅਕਾਲੀ ਦਲ 'ਚ ਵਿਖਾਇਆ ਹੈ ਜਦਕਿ ਉਨ੍ਹਾਂ ਪਿਛਲੇ ਸਾਲ ਅਗੱਸਤ ਮਹੀਨੇ ਮਹੀਨੇ ਇਸ ਦਲ ਤੋਂ ਰੁਖ਼ਸਤ ਲੈ ਕੇ, ਵਿਧਾਨਕਾਰ ਪਾਰਟੀ ਦੀ ਪ੍ਰਧਾਨਗੀ ਛੱਡ ਦਿਤੀ ਸੀ। ਉਸ ਦੀ ਥਾਂ ਸ਼ਰਨਜੀਤ ਢਿੱਲੋਂ ਨੂੰ ਲੀਡਰ ਬਣਾ ਦਿਤਾ ਹੋਇਆ ਹੈ।
Rana KP Singh
ਕੁਲ 117 ਮੈਂਬਰੀ ਵਿਧਾਨ ਸਭਾ 'ਚੋਂ ਮੰਤਰੀਆਂ ਤੇ ਵਿਰੋਧੀ ਧਿਰ ਦੇ ਨੇਤਾ ਨੂੰ ਛੱਡ ਕੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ 98 ਵਿਧਾਇਕਾਂ ਨੂੰ ਕੁਲ 13 ਕਮੇਟੀਆਂ 'ਚ ਅਡਜਸਟ ਕੀਤਾ ਹੈ ਜਿਨ੍ਹਾਂ 'ਚੋਂ ਇਕ-ਇਕ 'ਆਪ' ਤੇ ਅਕਾਲੀ ਦਲ ਦਾ ਗੁਰਮੀਤ ਸਿੰਘ ਮੀਤ ਹੇਅਰ ਨੂੰ ਲੋਕ-ਲੇਖਾ ਕਮੇਟੀ ਅਤੇ ਗੁਰ ਪ੍ਰਤਾਪ ਵਡਾਲਾ ਨੂੰ ਪੇਪਰ ਲੇਡ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਬਾਕੀ 11 ਕਮੇਟੀਆਂ ਦੇ ਸਭਾਪਤੀ, ਨਿਯਮਾਂ ਅਨੁਸਾਰ ਕਾਂਗਰਸ ਪਾਰਟੀ ਦੇ ਹੀ ਹਨ।
Parkash Singh Badal
5 ਵਾਰ ਮੁੱਖ ਮੰਤਰੀ ਰਹਿ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ 94 ਸਾਲਾ ਸ. ਪਰਕਾਸ਼ ਸਿੰਘ ਬਾਦਲ ਨੂੰ 13 ਮੈਂਬਰਾਂ ਅਨੁਮਾਨ ਕਮੇਟੀ ਦੇ12ਵੇਂ ਨੰਬਰ 'ਤੇ ਬਤੌਰ ਮੈਂਬਰ ਵਿਖਾਇਆ ਹੈ। ਸ. ਬਾਦਲ ਨੂੰ ਸੱਤਾਧਾਰੀ ਕਾਂਗਰਸ ਪਾਰਟੀ ਦੇ ਚੇਅਰਮੈਨ ਸ. ਹਰਦਿਆਲ ਸਿੰਘ ਕੰਬੋਜ ਦੇ ਅਧੀਨ ਕਮੇਟੀ ਬੈਠਕਾਂ 'ਚ ਹਾਜ਼ਰੀ ਭਰਨੀ ਪਵੇਗੀ।
Navjot Singh Sidhu
ਬੀਤੇ ਕਲ ਜਾਰੀ ਸੂਚੀ 'ਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੋਕ-ਲੇਖਾ ਕਮੇਟੀ 'ਚ ਚੌਥੇ ਸਥਾਨ 'ਤੇ ਬਤੌਰ ਮੈਂਬਰ ਰਖਿਆ ਹੈ। ਸਿੱਧੂ ਨੂੰ ਮੀਤ ਹੇਅਰ ਸਭਾਪਤੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕੰਮ ਕਰਨਾ ਪਵੇਗਾ। ਇਨ੍ਹਾਂ ਕਮੇਟੀਆਂ 'ਚ ਵਿਧਾਇਕ ਕਾਕਾ ਰਣਦੀਪ ਸਿੰਘ, ਰਾਕੇਸ਼ ਪਾਂਡੇ ਤੇ ਅਮਰੀਕ ਢਿੱਲੋਂ ਕਾਂਗਰਸੀ ਵਿਧਾਇਕਾਂ ਨੂੰ ਫਿਰ ਨਿਯੁਕਤ ਕਰ ਦਿਤਾ ਹੈ ਜਿਨ੍ਹਾਂ ਡੇਢ ਸਾਲ ਪਹਿਲਾਂ ਇਨ੍ਹਾਂ ਕਮੇਟੀਆਂ ਤੋਂ ਅਸਤੀਫ਼ੇ ਦੇ ਦਿਤੇ ਸਨ। ਸੁਰਿੰਦਰ ਡਾਵਰ ਨੂੰ ਐਤਕੀਂ 9 ਮੈਂਬਰੀ ਲਾਇਬ੍ਰੇਰੀ ਕਮੇਟੀ ਦਾ ਸਭਾਪਤੀ ਲਾਇਆ ਹੈ।
Kusaldeep Singh Kiki Dhillon
ਉੱਚੇ ਅਹੁਦਿਆਂ ਦੇ ਚਾਹਵਾਨ 6 ਕਾਂਗਰਸੀ ਵਿਧਾਇਕ ਜਿਨ੍ਹਾਂ 'ਚ ਕੁਲਜੀਤ ਨਾਗਰਾ, ਤਰਸੇਮ ਡੀ.ਸੀ., ਇੰਦਰਬੀਰ ਬੋਲਾਰੀਆ ਤੇ ਕਿੱਕੀ ਢਿੱਲੋਂ ਸ਼ਾਮਲ ਹਨ, ਨੂੰ ਪਿਛਲੇ ਸਾਲ ਮੁੱਖ ਮੰਤਰੀ ਦੇ ਸਲਾਹਕਾਰ ਨਿਯੁਕਤ ਕੀਤਾ ਸੀ, ਰਾਜਪਾਲ ਨੇ ਪ੍ਰਵਾਨਗੀ ਨਹੀਂ ਦਿਤੀ ਸੀ। ਹੁਣ ਇਨ੍ਹਾਂ ਸਾਰਿਆਂ ਨੂੰ ਕਮੇਟੀਆਂ 'ਚ ਬਤੌਰ ਚੇਅਰਮੈਨ ਤੇ ਮੈਂਬਰ ਲਗਾਇਆ ਹੈ। ਕੁਲਜੀਤ ਨਾਗਰਾ ਨੂੰ ਸਰਕਾਰੀ ਕਾਰੋਬਾਰ ਕਮੇਟੀ, ਇੰਦਰਬੀਰ ਬੋਲਾਰੀਆ ਨੂੰ ਸਰਕਾਰੀ ਆਸ਼ਵਾਸਨ 'ਤੇ ਤਰਸੇਮ ਡੀ.ਸੀ. ਨੂੰ ਅਧੀਨ ਵਿਧਾਨ ਕਮੇਟੀ ਦਾ ਸਭਾਪਤੀ ਲਗਾ ਕੇ ਖ਼ੁਸ਼ ਕੀਤਾ ਹੈ। ਕਿੱਕੀ ਢਿੱਲੋਂ ਨੂੰ ਫਿਰ 12 ਮੈਂਬਰ ਪਰਿਵਿਲੇਜ਼ ਕਮੇਟੀ ਦਾ ਚੇਅਰਮੈਨ ਸਥਾਪਤ ਕੀਤਾ ਹੈ।