
ਸਿੱਖ ਇਤਿਹਾਸ ਨਾਲ ਸਬੰਧਤ ਗ਼ਲਤ ਕਿਤਾਬਾਂ ਛਾਪਣ ਦਾ ਮਾਮਲਾ
ਸ਼੍ਰੋਮਣੀ ਕਮੇਟੀ ਵੀ ਬਰਾਬਰ ਦੀ ਦੋਸ਼ੀ : ਬਲਦੇਵ ਸਿੰਘ ਸਿਰਸਾ
ਅੰਮਿ੍ਤਸਰ 19 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) : ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ, ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਅੱਜ ਜਾਰੀ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਸਿੱਖ ਇਤਿਹਾਸ ਨਾਲ ਸਬੰਧਤ ਗ਼ਲਤ ਕਿਤਾਬਾਂ ਛਾਪਣ ਤੇ ਛਪਾਉਣ ਵਾਲਿਆਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਨੂੰ ਪੱਤਰ ਦੇ ਕੇ ਮੰਗ ਕੀਤੀ ਕਿ ਸਿਖਿਆ ਬੋਰਡ ਦੀਆਂ ਚਿੱਠੀਆਂ ਨੂੰ ਅੱਖੋ ਪਰੋਖੇ ਕਰਨ ਵਾਲੇ ਕਰਮਚਾਰੀਆਂ ਤੇ ਆਹੁਦੇਦਾਰਾਂ ਵਿਰੁਧ ਵੀ ਤੁਰਤ ਕਾਰਵਾਈ ਕੀਤੀ ਜਾਵੇ |
ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਦਿਤੇ ਗਏ ਮੰਗ ਪੱਤਰ ਵਿਚ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਸਕੂਲ ਸਿਖਿਆ ਬੋਰਡ ਵਲੋ 11ਵੀਂ ਅਤੇ 12ਵੀਂ ਦੀਆਂ ਪੰਜਾਬ ਇਤਿਹਾਸ ਨਾਲ ਸਬੰਧਤ ਕਿਤਾਬਾਂ ਵਿਚ ਸਾਲ 1993 ਤੋ ਲੈ ਕੇ ਅੱਜ ਤਕ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਪੜ੍ਹਾਈਆਂ ਗਈਆਂ ਹਨ, ਇਨ੍ਹਾਂ ਕਿਤਾਬਾਂ ਵਿਚ ਪੰਜਾਬ ਦੇ ਇਤਿਹਾਸ ਨੂੰ ਪੂਰੀ ਤਰ੍ਹਾਂ ਤੋੜ ਮਰੋੜ ਕੇ ਪੇਸ਼ ਕੀਤਾ ਗਿਆ | ਸਿੱਖ ਧਰਮ ਦੀ ਸੱਚਾਈ ਨੂੰ ਮੁੱਢੋਂ ਹੀ ਰੱਦ ਕਰਦਿਆਂ ਲਿਖਿਆ ਗਿਆ ਹੈ ਕਿ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਕੋਈ ਵੀ ਨਵਾਂ ਧਰਮ ਨਹੀ ਚਲਾਇਆ | ਸ਼੍ਰੀ ਗੁਰੁ ਅਰਜਨ ਦੇਵ ਪਾਤਸ਼ਾਹ ਨੂੰ ਰਾਜਨੀਤਕ ਕਾਰਨਾਂ ਕਰ ਕੇ ਸ਼ਹੀਦ ਕੀਤਾ ਗਿਆ ਸੀ | ਸ੍ਰੀ ਗੁਰੁ ਹਰਗੋਬਿੰਦ ਸਾਹਿਬ ਨੂੰ ਜਹਾਂਗੀਰ ਦੀ ਫ਼ੌਜ ਦਾ ਨੌਕਰ ਦਸਿਆ ਗਿਆਂ ਹੈ | ਪੰਜਾਬ ਸਕੂਲ ਸਿਖਿਆ ਬੋਰਡ ਵਲੋ ਸ਼੍ਰੋਮਣੀ ਕਮੇਟੀ ਨੂੰ 11 ਮਈ 2018, 5 ਨਵੰਬਰ 2018, 14 ਜਨਵਰੀ 2019, 24 ਅਪ੍ਰੈਲ 2019, 20 ਜੂਨ 2020 ਅਤੇ ਸਾਲ 2020 ਵਿਚ ਇਕ ਹੋਰ ਪੱਤਰ ਲਿਖ ਕੇ ਜਾਣਕਾਰੀ ਦਿਤੀ ਸੀ ਕਿ ਇਕ ੳਵਰਸਾਈਟ ਕਮੇਟੀ ਗਠਤ ਕਰ ਕੇ ਸਿੱਖ ਇਤਿਹਾਸ ਲਿਖਿਆ ਜਾਣਾ ਹੈ, ਸ਼੍ਰੋਮਣੀ ਕਮੇਟੀ ਦੋ ਵਿਦਵਾਨ ਭੇਜੇ | 17 ਮਈ 2018 ਨੂੰ ਇਨ੍ਹਾਂ ਦੋ ਵਿਦਵਾਨਾਂ ਦੇ ਨਾਮ ਤਾਂ ਜ਼ਰੂਰ ਭੇਜੇ ਗਏ ਪਰ 31 ਅਕਤੂਬਰ 2018 ਨੂੰ ਇਹ ਨਾਮ ਵਾਪਸ ਲੈ ਲਏ ਗਏ |
ਸ਼੍ਰੋਮਣੀ ਕਮੇਟੀ ਨੇ ਵਿਦਵਾਨਾਂ ਰਾਹੀ ਇਤਿਹਾਸ ਨੂੰ ਦਰੁਸਤ ਕਰਾਉਣ ਦੀ ਬਜਾਏ ਕਮੇਟੀ ਵਿਚੋ ਵਿਦਵਾਨਾਂ ਨੂੰ ਵਾਪਸ ਲੈਣਾ ਸਾਬਤ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਅਪਣੀ ਬਣਦੀ ਜ਼ਿੰਮੇਵਾਰੀ ਨਹੀ ਨਿਭਾਈ | ਅਵਗਿਆ ਦੀ ਸਿੱਖ ਬੁੱਧੀਜੀਵੀਆਂ ਦਾ ਇਕ ਪੈਨਲ ਬਣਾ ਕੇ ਪੜਤਾਲ ਕਰਵਾਈ ਜਾਵੇ ਤਾਂ ਕਿ ਅਣਗਹਿਲੀ ਵਰਤਣ ਵਾਲੇ ਦੋਸ਼ੀਆ ਵਿਰੁਧ ਲੋੜੀਦੀ ਕਾਰਵਾਈ ਹੋ ਸਕੇ |
ਮੰਗ ਪੱਤਰ ਦੇਣ ਵਾਲਿਆਂ ਵਿਚ ਬਲਦੇਵ ਸਿੰਘ ਸਿਰਸਾ ਤੋ ਇਲਾਵਾ ਸੋਹਨ ਸਿੰਘ, ਬਾਪੂ ਲ਼ਾਭ ਸਿੰਘ, ਵਕੀਲ ਸਿੰਘ, ਮਾਸਟਰ ਬਨਵਾਰੀ ਲਾਲ, ਸੁਖਮਿੰਦਰ ਸਿੰਘ, ਗੁਰਨਾਮ ਸਿੰਘ, ਸੁਖਚੈਨ ਸਿੰਘ, ਗੁਰਨਾਮ ਸਿੰਘ ਸਿੱਧੂ, ਬਲਜੀਤ ਸਿੰਘ ਨਾਭਾ, ਬਲਵਿੰਦਰ ਸਿੰਘ ਕੰਗ, ਜਸਵਿੰਦਰ ਸਿੰਘ , ਸੁਖਦੇਵ ਸਿੰਘ ,ਜਸਵੀਰ ਸਿੰਘ, ਸਵਰਨਜੀਤ ਸਿੰਘ ਆਦਿ ਸ਼ਾਮਲ ਸਨ |