
ਗੁਰੂ ਗ੍ਰੰਥ ਸਾਹਿਬ ਦੇ 328 ਲਾਪਤਾ ਸਰੂਪਾਂ ਦੇ ਮਾਮਲੇ 'ਚ ਇਨਸਾਫ ਲਈ ਕੀਤਾ ਰੋਸ ਮਾਰਚ
ਮੁੱਲਾਂਪੁਰ ਗਰੀਬਦਾਸ, 20 ਮਈ (ਰਵਿੰਦਰ ਸਿੰਘ ਸੈਣੀ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਭੇਦਭਰੇ ਹਾਲਾਤ ਵਿਚ ਲਾਪਤਾ ਮਾਮਲੇ ਵਿਚ ਇਨਸਾਫ ਲੈਣ ਲਈ ਤੇ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰ ਰਹੇ ਸਿੰਘਾਂ ਦੇ ਵੱਡੇ ਕਾਫਲੇ ਨੂੰ ਮੁੱਲਾਂਪੁਰ ਗਰੀਬਦਾਸ-ਚੰਡੀਗੜ੍ਹ ਬੈਰੀਅਰ ਤੇ ਪੁਲਿਸ ਪ੍ਰਸਾਸਨ ਨੇ ਕਾਫੀ ਸਮਾਂ ਰੋਕੀ ਰਖਿਆ | ਮੁੱਖ ਮੰਤਰੀ ਭਗਵੰਤ ਮਾਨ ਨੂੰ ਚੰਡੀਗੜ੍ਹ ਵਿਖੇ ਯਾਦ ਪੱਤਰ ਦੇਣ ਲਈ ਇਹ ਜਥਾ ਭਾਈ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ਵਿਚ ਸ੍ਰੀ ਆਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰ ਕੇ ਚੰਡੀਗੜ੍ਹ ਲਈ ਰਵਾਨਾ ਹੋਇਆ ਸੀ, ਜਦੋਂ ਬਾਅਦ ਦੁਪਹਿਰ ਇਹ ਜਥਾ ਰਾਹ ਵਿਚੋਂ ਪੁਲਿਸ ਰੋਕਾਂ ਤੋੜਦਾ ਹੋਇਆ ਬੈਰੀਅਰ ਤੇ ਪੁਜਿਆ ਤਾਂ ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ ਵਿੱਚ ਪੁਲਿਸ ਬਲਾਂ ਨੇ ਸੜਕ ਵਿਚਕਾਰ ਟਿੱਪਰ ਆਦਿ ਰੋਕਾਂ ਲਾ ਕੇ ਅੱਗੇ ਵਧਣ ਤੋਂ ਰੋਕ ਦਿੱਤਾ | ਚੰਡੀਗੜ੍ਹ ਪੁਲਿਸ ਨੇ ਵੀ ਇਸ ਮਾਮਲੇ ਵਿਚ ਪੁਖਤਾ ਪ੍ਰਬੰਧ ਕੀਤੇ ਹੋਏ ਸਨ | ਪੁਲਿਸ ਅਧਿਕਾਰੀਆਂ ਦੇ ਯਤਨਾਂ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਦ ਪੱਤਰ ਦੇਣ ਲਈ ਬਜਿੱਦ ਸਿੰਘਾਂ ਦੇ ਜਥੇ ਨੇ ਮੁੱਖ ਮਾਰਗ ਤੇ ਧਰਨਾ ਲਾਇਆ ਤੇ ਵਾਹਿਗੁਰੂ ਸਿਮਰਨ ਦਾ ਜਾਪ ਆਰੰਭ ਦਿੱਤਾ | ਇਸੇ ਦੌਰਾਨ ਪੁਲਿਸ ਅਧਿਕਾਰੀਆਂ ਨੇ ਹਾਲਾਤਾਂ ਨੂੰ ਕਾਬੂ ਕਰਦਿਆਂ ਭਾਈ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ਵਿੱਚ 11 ਮੈਂਬਰੀ ਜਥੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਦ ਪੱਤਰ ਦੇਣ ਲਈ ਸਹਿਮਤੀ ਪ੍ਰਗਟਾਈ ਤੇ ਬਾਕੀ ਸੰਗਤ ਨੂੰ ਨੇੜਲੇ ਪਿੰਡ ਸਿੰਗਾਰੀਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਠਹਿਰਾਇਆ |
ਡੱਬੀ
ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰ ਕੇ ਰਵਾਨਾ ਹੋਇਆ ਸੀ ਜੱਥਾ
ਅੰਮਿ੍ਤਸਰ 20 ਮਈ (ਪਰਮਿੰਦਰ) : ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਬੁਰਜ ਜਵਾਹਰ ਸਿੰਘ ਵਾਲਾ, ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪਿੰਡ ਕਲਿਆਣ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਸਰੂਪਾਂ ਦੇ ਮਾਮਲੇ ਵਿਚ ਇਨਸਾਫ਼ ਲਈ ਇਕ ਮਾਰਚ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਵਿਚ ਚੰਡੀਗੜ੍ਹ ਰਵਾਨਾ ਹੋਇਆ | ਪੱਤਰਕਾਰਾਂ ਨਾਲ ਗਲ ਕਰਦਿਆਂ ਭਾਈ ਅਜਨਾਲਾ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਸਮੇਂ ਬੁਰਜ ਜਵਾਹਰ ਸਿੰਘ ਵਾਲਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਸਮੇਂ ਪਿੰਡ ਕਲਿਆਣ ਤੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਣ ਦੀਆਂ ਘਟਨਾਵਾਂ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚੋ ਵਡੀ ਗਿਣਤੀ ਵਿਚ ਪਾਵਨ ਸਰੂਪ ਚੋਰੀ ਹੋਏ ਹਨ ਜਿਨ੍ਹਾਂ ਦੀ ਗਿਣਤੀ ਘਟਾ ਕੇ 328 ਦਸੀ ਜਾ ਰਹੀ ਹੈ | ਭਾਈ ਅਜਨਾਲਾ ਨੇ ਕਿਹਾ ਕਿ ਇਸ ਤੋ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚੋ ਤਿੰਨ ਜਗ੍ਹਾ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਏ ਹਨ | ਇਸ ਦੇ ਇਨਸਾਫ਼ ਲਈ ਅੱਜ ਅਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਯਾਦ ਪੱਤਰ ਦੇਣ ਜਾ ਰਹੇ ਹਾਂ | ਇਸ ਤੋ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਸੰਗਤੀ ਰੂਪ ਵਿਚ ਅਰਦਾਸ ਕੀਤੀ ਗਈ | ਅੰਮਿ੍ਤਸਰ ਦੇ ਗੋਲਡਨ ਗੇਟ ਤੋ ਇਕ ਵੱਡਾ ਕਾਫਲਾ ਚੰਡੀਗੜ੍ਹ ਵਲ ਰਵਾਨਾ ਹੋਇਆ | ਇਸ ਮੌਕੇ ਤੇ ਅਕਾਲੀ ਦਲ ਯੁਨਾਇਟਿਡ ਦੇ ਸ੍ਰ ਗੁਰਦੀਪ ਸਿੰਘ ਬਠਿੰਡਾ, ਪਰਮਜੀਤ ਸਿੰਘ ਸਹੋਲੀ, ਭਾਈ ਸਤਨਾਮ ਸਿੰਘ ਮਨਾਵਾਂ, ਭਾਈ ਮੇਜਰ ਸਿੰਘ, ਭਾਈ ਤੇਜਬੀਰ ਸਿੰਘ, ਭਾਈ ਸੁਖਦੇਵ ਸਿੰਘ ਨਾਗੋਕੇ, ਭਾਈ ਪਰਮਜੀਤ ਸਿੰਘ , ਭਾਈ ਸੁਖਵਿੰਦਰ ਸਿੰਘ ਹਰਿਆਣਾ, ਭਾਈ ਰਣਜੀਤ ਸਿੰਘ ਉਧੋਕੇ, ਭਾਈ ਨਿਸ਼ਾਨ ਸਿੰਘ, ਭਾਈ ਮਨਪ੍ਰੀਤ ਸਿੰਘ ਅਤੇ ਭਾਈ ਸ਼ਮਸ਼ੇਰ ਸਿੰਘ ਆਦਿ ਹਾਜਰ ਸਨ |