
ਤੇਜ਼ ਰਫ਼ਤਾਰ ਕਾਰ ਨਾਲ 7 ਲੋਕਾਂ ਨੂੰ ਦਰੜਿਆ ਸੀ
ਚੰਡੀਗੜ੍ਹ : ਧਨਾਸ-ਸਾਰੰਗਪੁਰ ਰੋਡ 'ਤੇ 7 ਲੋਕਾਂ ਨੂੰ ਦਰੜਣ ਵਾਲੇ ਨੌਜੁਆਨ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਹਾਦਸੇ ਦੇ ਚਾਰ ਦਿਨ ਬਾਅਦ ਨੈਸ਼ਨਲ ਸ਼ੂਟਰ 21 ਸਾਲਾ ਪਰਮਵੀਰ ਸਿੰਘ ਨੂੰ ਫੜ ਲਿਆ ਗਿਆ। ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮਾਂ ਨੂੰ ਅੱਜ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾ ਸਕਦਾ ਹੈ।
ਪੁਲਿਸ ਅਨੁਸਾਰ ਮੁਲਜ਼ਮ ਪਰਮਵੀਰ ਕੌਮੀ ਪੱਧਰ ਦਾ ਸ਼ੂਟਰ ਹੈ। 17 ਮਈ ਨੂੰ ਸ਼ਾਮ ਸਮੇਂ ਧਨਾਸ ਕਮਿਊਨਿਟੀ ਸੈਂਟਰ ਦੇ ਸਾਹਮਣੇ ਮੋੜ 'ਤੇ ਪਰਮਵੀਰ ਨੇ ਫੁੱਟਪਾਥ 'ਤੇ ਫਾਕਸਵੈਗਨ ਬੀਟਲ (ਪੀਬੀ23-ਜੇ 0001) ਨਾਲ ਟੱਕਰ ਮਾਰ ਦਿਤੀ ਅਤੇ 7 ਲੋਕਾਂ ਨੂੰ ਕੁਚਲ ਦਿਤਾ, ਜਿਸ 'ਚੋਂ 3 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 4 ਜ਼ਖ਼ਮੀਆਂ ਦਾ ਇਲਾਜ ਚਲ ਰਿਹਾ ਹੈ।
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਐਸਐਸਪੀ ਅੱਜ ਇਸ ਮਾਮਲੇ 'ਤੇ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ, ਜਿਸ 'ਚ ਦੋਸ਼ੀ 4 ਦਿਨ ਕਿੱਥੇ ਸੀ, ਹਾਦਸਾ ਕਿਵੇਂ ਵਾਪਰਿਆ ਅਤੇ ਉਸ ਤੋਂ ਬਾਅਦ ਉਹ ਕਿੱਥੇ ਫਰਾਰ ਹੋ ਗਿਆ। ਹਾਦਸੇ ਦੌਰਾਨ ਦੋਸ਼ੀ ਦੇ ਨਾਲ ਇੱਕ ਲੜਕੀ ਵੀ ਸੀ। ਪ੍ਰੈੱਸ ਕਾਨਫਰੰਸ ਦੌਰਾਨ ਮੁਲਜ਼ਮਾਂ ਦੇ ਡਰਾਈਵਿੰਗ ਲਾਇਸੈਂਸ ਸਮੇਤ ਹੋਰ ਕਈ ਤਰ੍ਹਾਂ ਦੀ ਜਾਣਕਾਰੀ ਵੀ ਸਾਹਮਣੇ ਆਵੇਗੀ।
ਰਾਜਮਤੀ (55 ਸਾਲ) ਦੀ 17 ਮਈ ਨੂੰ ਹੀ ਹਾਦਸੇ ਵਿਚ ਮੌਤ ਹੋ ਗਈ ਸੀ। ਉਹ ਈਡਬਲਿਊਐਸ ਕਲੋਨੀ ਧਨਾਸ ਵਿਚ ਰਹਿੰਦੀ ਸੀ। ਮੁਸਤਫਾ (18 ਸਾਲ) ਵਾਸੀ ਈਡਬਲਿਊਐਸ ਕਲੋਨੀ ਧਨਾਸ ਦੀ ਵੀ 18 ਮਈ ਨੂੰ ਪੀਜੀਆਈ ਵਿਚ ਮੌਤ ਹੋ ਗਈ ਸੀ। ਵਿਮਲੇਸ਼ (54 ਸਾਲ) ਦੀ ਵੀ ਸ਼ੁੱਕਰਵਾਰ ਨੂੰ ਮੌਤ ਹੋ ਗਈ।ਦੂਜੇ ਪਾਸੇ ਕਰਮਜੀਤ (55 ਸਾਲ) ਵਾਸੀ ਤੋਗਾ ਦਾ ਪੀਜੀਆਈ ਵਿਚ ਇਲਾਜ ਚਲ ਰਿਹਾ ਹੈ। ਬੌਬੀ (23 ਸਾਲ),ਦਲੀਪ ਸੋਨੀ (22 ਸਾਲ) ਦਾ ਪੀਜੀਆਈ ਵਿਚ ਇਲਾਜ ਚਲ ਰਿਹਾ ਹੈ ਅਤੇ ਈਡਬਲਿਊਐਸ ਕਲੋਨੀ ਧਨਾਸ ਦੀ ਨੀਲਮ (28 ਸਾਲ) ਦਾ ਜੀਐਮਐਸਐਚ-16 ਵਿਚ ਇਲਾਜ ਚਲ ਰਿਹਾ ਹੈ।