ਹੁਣ IG ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਹੋਵੇਗੀ ਮਾਮਲੇ ਦੀ ਜਾਂਚ
ਚੰਡੀਗੜ੍ਹ : ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁਧ ਦਰਜ ਕੀਤੇ ਗਏ ਬਹੁ ਕਰੋੜੀ ਨਸ਼ਾ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ਦੀ ਜਗ੍ਹਾ ਹੁਣ ਨਵੀਂ SIT ਦਾ ਗਠਨ ਕੀਤਾ ਗਿਆ ਹੈ। ਹੁਣ ਆਈ.ਜੀ. ਮੁਹਵਿੰਦਰ ਸਿੰਘ ਛੀਨਾ ਇਸ ਨਵੀਂ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰਨਗੇ। ਹਾਲਾਂਕਿ ਸਿਰਫ਼ ਇਸ ਦਾ ਮੁਖੀ ਹੀ ਬਦਲਿਆ ਗਿਆ ਹੈ, ਜਦਕਿ ਬਾਕੀ ਸਾਰੇ ਮੈਂਬਰਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਨਹੀਂ ਬਦਲਿਆ ਗਿਆ ਹੈ। ਨਵੀਂ ਜਾਂਚ ਟੀਮ ਦਾ ਗਠਨ ਪੰਜਾਬ ਸਰਕਾਰ ਦੀ ਪ੍ਰਵਾਨਗੀ ਨਾਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਬ੍ਰਿਟੇਨ : ਕੋਕੀਨ ਤੇ ਭੰਗ ਦੀ ਤਸਕਰੀ ਲਈ ਭਾਰਤੀ ਮੂਲ ਦਾ ਵਿਅਕਤੀ ਦੋਸ਼ੀ ਕਰਾਰ
ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਬਿਕਰਮ ਸਿੰਘ ਮਜੀਠੀਆ ਵਿਰੁਧ 20 ਦਸੰਬਰ 2021 ਨੂੰ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਮਈ ਅਤੇ ਅਗਸਤ 2022 ਦੇ ਦਫ਼ਤਰੀ ਹੁਕਮਾਂ ਦੇ ਆਧਾਰ 'ਤੇ ਹੁਣ ਇਸ ਮਾਮਲੇ ਦੀ ਜਾਂਚ ਲਈ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਦੀ ਅਗਵਾਈ ਪਟਿਆਲਾ ਦੇ ਆਈ.ਜੀ. ਰੇਂਜ ਮੁਖਵਿੰਦਰ ਸਿੰਘ ਛੀਨਾ ਕਰਨਗੇ। ਪੰਜਾਬ ਦੇ ਡੀ.ਜੀ.ਪੀ. ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿਤੇ ਹਨ।
ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਰਾਹੁਲ ਐਸ. ਦੀ ਥਾਂ ਐਮ.ਐਸ. ਛੀਨਾ ਆਈ.ਪੀ.ਐਸ. ਆਈ.ਜੀ.ਪੀ. ਪਟਿਆਲਾ ਰੇਂਜ ਹੁਣ ਐਸ.ਆਈ.ਟੀ. ਦੀ ਅਗਵਾਈ ਕਰਨਗੇ। ਵਿਸ਼ੇਸ਼ ਜਾਂਚ ਟੀਮ ਦੇ ਬਾਕੀ ਸਾਰੇ ਮੈਂਬਰ ਪਹਿਲਾਂ ਵਾਲੇ ਹੀ ਰਹਿਣਗੇ। ਇਨ੍ਹਾਂ ਵਿਚ ਡੀ.ਆਈ.ਜੀ. ਫ਼ਿਰੋਜ਼ਪੁਰ ਰੇਂਜ ਰਣਜੀਤ ਸਿੰਘ ਢਿੱਲੋਂ,ਪੀ.ਪੀ.ਐਸ. ਰਘਬੀਰ ਸਿੰਘ ਅਤੇ ਅਮਰਪ੍ਰੀਤ ਸਿੰਘ (ਡੀ.ਐਸ.ਪੀ., ਖਰੜ-2) ਸ਼ਾਮਲ ਹਨ।