ਵੁਲਵਰਹੈਂਪਟਨ ਕਰਾਊਨ ਕੋਰਟ ਨੇ ਜੋਸ਼ਪਾਲ ਸਿੰਘ ਕੋਥੀਰੀਆ ਵਿਰੁਧ ਸੁਣਾਇਆ ਫ਼ੈਸਲਾ
ਲੰਡਨ : ਇੰਗਲੈਂਡ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਇਕ ਨੌਜਵਾਨ ਨੂੰ ਦੋਸ਼ੀ ਕਰਾਰ ਦਿਤਾ ਹੈ। ਭਾਰਤੀ 'ਤੇ ਕਥਿਤ ਤੌਰ 'ਤੇ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦਾ ਮੈਂਬਰ ਹੋਣ ਦਾ ਇਲਜ਼ਾਮ ਹੈ। ਅਦਾਲਤ ਦਾ ਕਹਿਣਾ ਹੈ ਕਿ ਉਹ ਹੁਣ ਅਗਲੀ ਸੁਣਵਾਈ ਦੌਰਾਨ ਦੋਸ਼ੀ ਨੂੰ ਸਜ਼ਾ ਸੁਣਾਏਗੀ।
ਬਰਤਾਨਵੀ ਮੀਡੀਆ ਰਿਪੋਰਟਾਂ ਮੁਤਾਬਕ ਵੁਲਵਰਹੈਂਪਟਨ ਕਰਾਊਨ ਕੋਰਟ ਨੇ 33 ਸਾਲਾ ਭਾਰਤੀ ਜੋਸ਼ਪਾਲ ਸਿੰਘ ਕੋਥੀਰੀਆ ਨੂੰ ਤਸਕਰੀ ਦਾ ਦੋਸ਼ੀ ਠਹਿਰਾਇਆ ਹੈ। ਜੋਸ਼ਪਾਲ 'ਤੇ ਨਸ਼ਾ ਤਸਕਰੀ ਗਿਰੋਹ ਦੇ ਮੈਂਬਰਾਂ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਜੋਸ਼ਪਾਲ ਨੀਦਰਲੈਂਡ ਤੋਂ ਇੰਗਲੈਂਡ ਅਤੇ ਆਇਰਲੈਂਡ ਨੂੰ ਕੋਕੀਨ ਅਤੇ ਭੰਗ ਦੀ ਤਸਕਰੀ ਕਰਦਾ ਸੀ।
ਇਹ ਵੀ ਪੜ੍ਹੋ: ਮੇਰਠ ਦੀ ਪਾਰੁਲ ਚੌਧਰੀ ਨੇ 3000 ਮੀਟਰ ਸਟੀਪਲਚੇਜ਼ ਵਿਚ ਜਿਤਿਆ ਸੋਨ ਤਮਗ਼ਾ
ਇੰਗਲੈਂਡ ਦੀ ਨੈਸ਼ਨਲ ਕ੍ਰਾਈਮ ਏਜੰਸੀ ਨੇ ਜੋਸ਼ਪਾਲ ਨੂੰ ਤਸਕਰੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਜੋਸ਼ਪਾਲ ਵੁਲਵਰਹੈਂਪਟਨ ਵਿਚ ਡਰਾਈਵਰ ਵਜੋਂ ਕੰਮ ਕਰਦਾ ਸੀ। ਜਾਂਚ ਏਜੰਸੀ ਦੇ ਅਧਿਕਾਰੀ ਮਿਕ ਪੋਪ ਦਾ ਕਹਿਣਾ ਹੈ ਕਿ ਇਹ ਅਪ੍ਰੇਸ਼ਨ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਕੀਤਾ ਗਿਆ ਸੀ। ਪੋਪ ਨੇ ਅੱਗੇ ਕਿਹਾ ਕਿ ਅਸੀਂ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ 2021 ਤੋਂ ਨਜ਼ਰ ਰੱਖ ਰਹੇ ਸੀ।
ਅਧਿਕਾਰੀ ਨੇ ਦਸਿਆ ਕਿ ਐਂਥਨੀ ਟੋਰੀ ਨਾਂ ਦੇ ਦੋਸ਼ੀ ਨੇ ਦੇਸ਼ 'ਚ ਡਰੱਗਜ਼ ਆਯਾਤ ਕਰਨ ਦਾ ਆਰਡਰ ਦਿਤਾ ਸੀ, ਜਿਸ 'ਤੇ ਅਸੀਂ ਨਜ਼ਰ ਰੱਖ ਰਹੇ ਸੀ। ਸਾਡੀ ਟੀਮ ਨੇ ਜਿਵੇਂ ਹੀ ਨਸ਼ੀਲੇ ਪਦਾਰਥ ਉਤਰੀ ਆਇਰਲੈਂਡ ਦੇ ਬੇਲਫ਼ਾਸਟ ਦੀ ਬੰਦਰਗਾਹ 'ਤੇ ਪਹੁੰਚੇ ਤਾਂ ਕੋਕੀਨ ਨੂੰ ਜ਼ਬਤ ਕਰ ਲਿਆ। ਜ਼ਬਤ ਕੀਤੇ ਸਾਮਾਨ ਦੀ ਕੀਮਤ 1.6 ਮਿਲੀਅਨ ਬ੍ਰਿਟਿਸ਼ ਪੌਂਡ ਸੀ।
ਅਧਿਕਾਰੀ ਨੇ ਦਸਿਆ ਕਿ ਇਸ ਮਾਮਲੇ ਦੇ ਮੁਲਜ਼ਮ ਮਾਈਕਲ ਕੋਲਿਸ ਅਤੇ ਜੋਸ਼ਪਾਲ ਕੋਠੀਰੀਆ ਨੂੰ ਮਾਰਚ 2021 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਕ ਹੋਰ ਦੋਸ਼ੀ ਮੁਹੰਮਦ ਉਮਰ ਖ਼ਾਨ ਨੂੰ ਦਸੰਬਰ 2020 ਵਿਚ ਹੀ ਟੀਮ ਨੇ ਫੜ ਲਿਆ ਸੀ।
ਐਂਥਨੀ ਟੋਰੀ ਨੂੰ ਨਵੰਬਰ 2022 ਵਿਚ ਬੇਲਫ਼ਾਸਟ ਕੋਕੀਨ ਕੇਸ ਵਿਚ 18 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਕੋਲਿਸ ਨੂੰ ਇਕ ਮਹੀਨਾ ਪਹਿਲਾਂ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਜੋਸ਼ਪਾਲ ਨੂੰ ਵੁਲਵਰਹੈਂਪਟਨ ਕਰਾਊਨ ਕੋਰਟ ਨੇ ਤਸਕਰੀ ਮਾਮਲੇ ਵਿਚ ਦੋਸ਼ੀ ਪਾਇਆ ਹੈ। ਹਾਲਾਂਕਿ ਅਦਾਲਤ ਨੇ ਸਜ਼ਾ ਸੁਣਾਉਣ ਦੀ ਅਗਲੀ ਤਰੀਕ ਤੈਅ ਕਰ ਦਿਤੀ ਹੈ।