ਮਰਨ ਵਾਲੇ ਲਾਈਨਮੈਨ ਦਾ ਨਾਂ ਪਵਿੱਤਰ ਸਿੰਘ (40) ਵਾਸੀ ਪਿੰਡ ਭਟਨੂਰਾ ਲੁਬਾਣਾ ਹੈ
ਜਲੰਧਰ : ਪੰਜਾਬ 'ਚ ਜਲੰਧਰ ਦੇ ਭੋਗਪੁਰ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਲਦੋਈ 'ਚ ਇਕ ਲਾਈਨਮੈਨ ਦੀ ਕਰੰਟ ਲਗਣ ਨਾਲ ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਲਾਈਨਮੈਨ 2 ਘੰਟੇ ਤੱਕ ਤਾਰਾਂ ਨਾਲ ਲਟਕਦਾ ਰਿਹਾ ਅਤੇ ਉਸ ਦੇ ਸਰੀਰ ਵਿਚੋਂ ਧੂੰਆਂ ਨਿਕਲ ਰਿਹਾ ਸੀ, ਪਰ ਸੂਚਨਾ ਦੇ ਬਾਵਜੂਦ ਕੋਈ ਵੀ ਉਸ ਨੂੰ ਖੰਭੇ ਤੋਂ ਹੇਠਾਂ ਉਤਾਰਨ ਨਹੀਂ ਆਇਆ।
ਪਿੰਡ ਵਾਸੀਆਂ ਨੇ ਦਸਿਆ ਕਿ ਮਰਨ ਵਾਲੇ ਲਾਈਨਮੈਨ ਦਾ ਨਾਂ ਪਵਿੱਤਰ ਸਿੰਘ (40) ਵਾਸੀ ਪਿੰਡ ਭਟਨੂਰਾ ਲੁਬਾਣਾ ਹੈ। ਇਲਾਕੇ ਵਿਚ ਬਿਜਲੀ ਗੁੱਲ ਹੋਣ 'ਤੇ ਅਕਸਰ ਲੋਕ ਪਵਿੱਤਰ ਨੂੰ ਆਪਣੇ ਨਾਲ ਲੈ ਜਾਂਦੇ ਸਨ। ਸ਼ਨੀਵਾਰ ਨੂੰ ਵੀ ਲਾਈਨਾਂ 'ਚ ਖਰਾਬੀ ਆ ਗਈ ਸੀ ਅਤੇ ਉਸ ਨੂੰ ਠੀਕ ਕਰਨ ਲਈ ਉਹ ਖੰਭੇ 'ਤੇ ਚੜ੍ਹ ਗਿਆ ਸੀ। ਬਿਜਲੀ ਦਾ ਕਰੰਟ ਲੱਗਣ ਕਾਰਨ ਉਹ ਤਾਰਾਂ 'ਤੇ ਡਿੱਗ ਗਿਆ ਅਤੇ ਉਨ੍ਹਾਂ 'ਚ ਫਸ ਗਿਆ।
ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਦਸਿਆ ਕਿ ਪਵਿੱਤਰ ਸਿੰਘ ਬਿਜਲੀ ਵਿਭਾਗ 'ਚ ਠੇਕੇ 'ਤੇ ਕੱਚਾ ਕਰਮਚਾਰੀ ਸੀ। ਜੇਈ ਅਮਰਜੀਤ ਸਿੰਘ ਨੇ ਦਸਿਆ ਕਿ ਜਦੋਂ ਨੁਕਸ ਆਉਣ ’ਤੇ ਪਵਿਤਰ ਖੰਭੇ ’ਤੇ ਚੜ੍ਹਿਆ ਤਾਂ ਪਿੱਛੇ ਤੋਂ ਬਿਜਲੀ ਸਪਲਾਈ ਬੰਦ ਹੋ ਗਈ। ਕਿਸੇ ਨੇ ਪਿੱਛੇ ਤੋਂ ਬਿਜਲੀ ਸਪਲਾਈ ਚਾਲੂ ਕਰ ਦਿਤੀ। ਉਨ੍ਹਾਂ ਕਿਹਾ ਕਿ ਜਿਸ ਨੇ ਵੀ ਅਜਿਹਾ ਕੀਤਾ ਹੈ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਿੰਡ ਵਾਸੀਆਂ ਨੇ ਦਸਿਆ ਕਿ ਜਦੋਂ ਪਵਿਤਰ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਅਤੇ ਤਾਰਾਂ ਨਾਲ ਲਟਕ ਗਿਆ ਤਾਂ ਉਨ੍ਹਾਂ ਨੇ ਐਕਸੀਅਨ ਤੋਂ ਲੈ ਕੇ ਬਿਜਲੀ ਵਿਭਾਗ ਦੇ ਐਸਡੀਓ-ਜੇਈ ਤੱਕ ਸਾਰਿਆਂ ਨੂੰ ਬੁਲਾਇਆ। ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਦੋ ਘੰਟੇ ਪਵਿੱਤਰ ਤਾਰਾਂ 'ਤੇ ਲਟਕਦ ਰਿਹਾ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਖੁਦ ਹੀ ਹਿੰਮਤ ਕਰਕੇ ਪਵਿੱਤਰ ਦੇਹ ਨੂੰ ਬਿਜਲੀ ਦੀਆਂ ਤਾਰਾਂ ਤੋਂ ਹੇਠਾਂ ਉਤਾਰਿਆ।