ਪੰਜਾਬ ਸਰਕਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਤਿ ਆਧੁਨਿਕ ਉਪਕਰਨਾਂ ਦਾ ਸਾਰਾ ਖ਼ਰਚਾ ਕਰਨ ਨੂੰ ਤਿਆਰ ਹੈ।
ਅਂਮ੍ਰਿਤਸਰ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਦੇ ਅਧਿਕਾਰ ਸਿਰਫ ਇਕ ਚੈਨਲ ਨੂੰ ਦਿੱਤੇ ਜਾਣ ਦੇ ਤਰਕ 'ਤੇ ਸਵਾਲ ਚੁੱਕਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਅਤਿ-ਆਧੁਨਿਕ ਤਕਨਾਲੋਜੀ ਵਾਲੇ ਉਪਕਰਨ ਲਾਉਣ ਦਾ ਸਾਰਾ ਖਰਚਾ ਚੁੱਕਣ ਲਈ ਤਿਆਰ ਹੈ ਤਾਂ ਜੋ ਗੁਰਬਾਣੀ ਦਾ ਸਾਰੇ ਚੈਨਲਾਂ 'ਤੇ ਮੁਫਤ ਪ੍ਰਸਾਰਣ ਕੀਤਾ ਜਾ ਸਕੇ।
ਅੱਜ ਇੱਥੇ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ‘ਸਰਬੱਤ ਦਾ ਭਲਾ’ ਦੇ ਵਿਸ਼ਵਵਿਆਪੀ ਸੰਦੇਸ਼ ਨੂੰ ਫੈਲਾਉਣ ਦੇ ਉਦੇਸ਼ ਨਾਲ ‘ਸਰਬ ਸਾਂਝੀ ਗੁਰਬਾਣੀ’ ਦਾ ਪ੍ਰਚਾਰ ਤੇ ਪਸਾਰ ਵਿਸ਼ਵ ਭਰ ਵਿੱਚ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਲਈ ਸਿਰਫ਼ ਇਕ ਚੈਨਲ ਨੂੰ ਹੀ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਅਧਿਕਾਰ ਕਿਸੇ ਇਕ ਚੈਨਲ ਤੱਕ ਸੀਮਤ ਕਰਨ ਦੀ ਬਜਾਏ ਸਾਰੇ ਚੈਨਲਾਂ ਨੂੰ ਮੁਫਤ ਵਿੱਚ ਦਿੱਤੇ ਜਾਣੇ ਚਾਹੀਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਰਾਲਾ ਦੇਸ਼-ਵਿਦੇਸ਼ ਵਿੱਚ ਸੰਗਤਾਂ ਨੂੰ ਆਪਣੇ ਘਰਾਂ ਵਿੱਚ ਬੈਠ ਕੇ ਅਨੰਦਮਈ ਗੁਰਬਾਣੀ ਕੀਰਤਨ ਸਰਵਣ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕ ਆਪਣੇ ਟੀ.ਵੀ. ਸੈੱਟ ਜਾਂ ਹੋਰ ਉਪਕਰਨਾਂ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਦੀਦਾਰ ਵੀ ਕਰ ਸਕਣਗੇ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸਾਰੇ ਚੈਨਲਾਂ 'ਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧਾ ਪ੍ਰਸਾਰਣ ਲਈ ਹਾਈਟੈਕ ਉਪਕਰਨ ਲਾਉਣ ਦਾ ਸਾਰਾ ਖਰਚਾ ਚੁੱਕਣ ਲਈ ਤਿਆਰ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਗੁਰਬਾਣੀ ਦੇ ਸੰਦੇਸ਼ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਦੀ ਪਹੁੰਚ ਨੂੰ ਇਕ ਮਾਧਿਅਮ ਤੱਕ ਸੀਮਤ ਕਰਨ ਦੀ ਬਜਾਏ ਹਰ ਚੈਨਲ ਨੂੰ ਮੁਫਤ ਪ੍ਰਸਾਰਣ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸਬੰਧ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਨੂੰ ਪ੍ਰਸਾਰਿਤ ਕਰਨ ਲਈ ਆਧੁਨਿਕ ਕੈਮਰੇ ਅਤੇ ਪ੍ਰਸਾਰਣ ਦੇ ਲੋੜੀਂਦੇ ਉਪਕਰਨਾਂ ਸਮੇਤ ਨਵੀਨਤਮ ਬੁਨਿਆਦੀ ਢਾਂਚਾ ਤੇ ਤਕਨਾਲੋਜੀ ਮੁਹੱਈਆ ਕਰਵਾਉਣ ਦਾ ਸਾਰਾ ਖਰਚਾ ਚੁੱਕਣ ਲਈ ਤਿਆਰ ਹੈ
ਇਸ ਦੇ ਨਾਲ ਹੀ ਦੱਸ ਦਈਏ ਕਿ HSGMC ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਵੀ ਟਵੀਟ ਕਰ ਕੇ ਮੁੱਖ ਮੰਤਰੀ ਨਾਲ ਸਹਿਮਤੀ ਪ੍ਰਗਟਾਈ ਹੈ। ਉਹਨਾਂ ਨੇ ਟਵੀਟ ਕਰ ਕੇ ਲਿਖਿਆ ਕਿ ਗੁਰਫ਼ਤਹਿ ਜੀ ਮੁੱਖ ਮੰਤਰੀ ਸਾਹਿਬ, ਸ਼ਰਧਾਲੂ ਸੰਗਤਾਂ ਦੀ ਇਹ ਚਿਰੋਕਣੀ ਮੰਗ ਹੈ ਜਲਦੀ ਪੂਰੀ ਕਰੋ ਜੀ, ਧਰਤੀ ਦੇ ਕੋਨੇ-ਕੋਨੇ ਵਿਚ ਸ਼ਰਧਾਲੂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਮੁਫ਼ਤ ਅਨੰਦ ਲੈ ਸਕਣਗੇ।
SGPC ਨੇ ਵੀ ਦਿੱਤੀ ਪ੍ਰਤੀਕਿਰਿਆ
SGPC ਪ੍ਰਦਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਗੁਰੂ ਘਰਾਂ ਦਾ ਪ੍ਰਬੰਧ ਕਰਨ ਦੇ ਸਮਰੱਥ ਹੈ। ਮੁੱਖ ਮੰਤਰੀ ਜੀ, ਗੁਰਬਾਣੀ ਪ੍ਰਸਾਰਣ ਜਾਂ ਗੁਰੂ ਘਰਾਂ ਦੇ ਮਾਮਲਿਆਂ ਬਾਰੇ ਟਵੀਟ ਕਰਕੇ ਸੰਗਤ 'ਚ ਬੇਲੋੜੇ ਵਿਵਾਦ ਅਤੇ ਦੁਵਿਧਾ ਪੈਦਾ ਨਾ ਕਰਨ। ਸਿੱਖ ਸੰਸਥਾ ਅਤੇ ਕੌਮ ਦੇ ਕੀਤੇ ਜਾਣ ਵਾਲੇ ਪੰਥਕ ਕਾਰਜਾਂ ਦੇ ਅਧਿਕਾਰ ਖੇਤਰ ਹੋਰ ਹੁੰਦੇ ਹਨ ਅਤੇ ਸਰਕਾਰਾਂ ਦੇ ਅਧਿਕਾਰ ਖੇਤਰ ਵੱਖਰੇ ਹੁੰਦੇ ਹਨ। ਸਰਕਾਰ ਦੇ ਅਧਿਕਾਰ ਖੇਤਰ ਵਿਚ ਤੁਹਾਡੀ ਸਰਕਾਰ ਨਾਕਾਮ ਸਾਬਤ ਹੋ ਰਹੀ ਹੈ।
ਤੁਸੀਂ ਸ੍ਰੀ ਦਰਬਾਰ ਸਾਹਿਬ ਦੀ ਗੱਲ ਕਰਦੇ ਹੋ, ਇਸ ਕੇਂਦਰੀ ਸਿੱਖ ਅਸਥਾਨ ਦੇ ਆਲੇ-ਦੁਆਲੇ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਦੀ ਸਥਿਤੀ ਦੇਖੋ ਕੀ ਹੈ? ਸਰਕਾਰ ਦੇ ਅਧਿਕਾਰ ਵਾਲਾ ਗਲਿਆਰਾ ਉੱਜੜ ਚੁੱਕਾ ਹੈ। ਵਿਰਾਸਤੀ ਮਾਰਗ ਦੇ ਰੱਖ-ਰਖਾਅ 'ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਰਸਤਿਆਂ ਦਾ ਬੁਰਾ ਹਾਲ ਦੇਖੋ। ਭਾਵੇਂ ਸਰਕਾਰ ਕੋਲ ਪੈਸਾ ਹੈ, ਜੋ ਲੋਕਾਂ ਦਾ ਹੀ ਹੈ, ਪਰ ਆਪਣੇ ਵੱਲੋਂ ਪੈਸਾ ਜਿੱਥੇ ਲਾਉਣ ਵਾਲਾ ਹੈ ਉਥੇ ਲਾਓ। ਬਿਨ੍ਹਾਂ ਮਤਲਬ ਗੁਰਬਾਣੀ ਪ੍ਰਸਾਰਣ ਲਈ ਖ਼ਰਚ ਦੀ ਗੱਲ ਕਰਕੇ ਕੌਮ ਨੂੰ ਦੁਵਿਧਾ ਵਿਚ ਨਾ ਪਾਓ।
ਪੀਟੀਸੀ ਚੈਨਲ ਦੀ ਮਰਿਆਦਾ ਸਿਰਫ਼ ਅੱਧੇ ਘੰਟੇ 'ਚ ਖ਼ਤਮ ਹੋ ਜਾਂਦੀ ਹੈ - ਡਾ. ਖੁਸ਼ਹਾਲ ਸਿੰਘ (ਸਿੱਖ ਬੁੱਧੀਜੀਵੀ)
ਚੰਡੀਗੜ੍ਹ (ਲੰਕੇਸ਼ ਤ੍ਰਿਖਾ) - ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਮੁੱਦਾ ਇਕ ਵਾਰ ਫਿਰ ਗਰਮਾ ਗਿਆ ਹੈ ਤੇ ਇਸ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨੇ ਸਿੱਖ ਬੁੱਧੀਜੀਵੀ ਡਾ. ਖੁਸਹਾਲ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਸਵਾਲ - ਇਕੋ ਚੈਨਲ ਕੋਲ ਗੁਰਬਾਣੀ ਚਲਾਉਣ ਦੇ ਅਧਿਕਾਰ ਚਲੇ ਕਿਵੇਂ ਗਏ, ਇਸ ਦੇ ਪਿੱਛੇ ਕੀ ਕਾਰਨ ਹੈ?
ਜਵਾਬ - ਜਦੋਂ ਡਿਜੀਟਲ ਮੀਡੀਆ ਵਿਚ ਨਵੀਂ ਸ਼ੁਰੂਆਤ ਹੋਈ ਤੇ ਇਨਕਲਾਬ ਆਇਆ ਤੇ ਨਵੇਂ ਚੈਨਲ ਆਏ ਉਸ ਸਮੇਂ ਲੋਕਾਂ ਦੀ ਮੰਗ ਇਹ ਸੀ ਕਿ ਗੁਰਬਾਣੀ ਪ੍ਰਸਾਰਣ ਲਈ ਸਰਕਾਰ ਸ਼੍ਰੋਮਣੀ ਕਮੇਟੀ ਨੂੰ ਅਪਣਾ ਚੈਨਲ ਖੋਲ੍ਹਣ ਦੀ ਇਜ਼ਾਜਤ ਦੇਵੇ। ਗੱਲ ਚੱਲੀ ਵੀ ਤੇ ਕੁੱਝ ਪ੍ਰਾਈਵੇਟ ਚੈਨਲਾਂ ਨੂੰ ਇਹ ਅਧਿਕਾਰ ਦਿੱਤੇ ਵੀ ਗਏ ਤੇ ਉਹ ਗੁਰਬਾਣੀ ਦਾ ਪ੍ਰਸਾਰਣ ਕਰਦੇ ਵੀ ਰਹੇ ਪਰ ਲੰਮੇ ਸਮੇਂ ਤੱਕ ਪੀਟੀਸੀ ਨੇ ਗੁਰਬਾਣੀ ਦਾ ਪ੍ਰਸਾਰਣ ਕੀਤਾ ਤੇ ਉਸ ਨੇ ਸ਼੍ਰੋਮਣੀ ਕਮੇਟੀ ਨਾਲ ਐੱਮਓਯੂ ਕਰ ਕੇ ਉਸ ਦਾ ਸਾਰਾ ਖਾਤਾ ਬਣਾਇਆ ਗਿਆ ਸੀ। ਇਸ ਤੋਂ ਬਾਅਦ ਜਦੋਂ ਇਕ ਸਿਆਸੀ ਘਰਾਣੇ ਨੇ ਅਪਣਾ ਚੈਨਲ ਖੋਲ੍ਹਿਆ ਤੇ ਉਹਨਾਂ ਨੇ ਇਕ ਨਵਾਂ ਤਰੀਕਾ ਲੱਭਿਆ ਕਿਉਂਕਿ ਹਰ ਇਕ ਸਿੱਖ ਹਰ ਰੋਜ਼ ਅਰਦਾਸ ਕਰਦਾ ਹੈ ਕਿ ਉਹਨਾਂ ਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਹੋਣ ਤੇ ਇਹ ਜੋ ਕੀਰਤਨ ਦਾ ਅਧਿਕਾਰ ਹੈ ਉਸ ਨਾਲ ਕਿੰਨੀ ਦੂਰ ਤੱਕ ਤੇ ਕਿੰਨੇ ਹੀ ਲੋਕਾਂ ਨੂੰ ਇਸ ਦਾ ਫਾਇਦਾ ਮਿਲਣਾ ਸੀ ਤੇ ਉਹਨਾਂ ਨੇ ਦਰਸ਼ਨ ਕਰਨੇ ਸਨ।
ਸ਼੍ਰੋਮਣੀ ਕਮੇਟੀ ਇਕ ਚੁਣੀ ਹੋਈ ਸੰਵਿਧਾਨਕ ਸੰਸਥਾ ਹੈ, ਇਙਨਾਂ ਨੂੰ ਫੈਸਲਾ ਨਿਯਮਾਂ ਮੁਤਾਬਿਕ ਜਾਂ ਜਨਤਕ ਤੌਰ 'ਤੇ ਲੈਣਾ ਚਾਹੀਦਾ ਸੀ ਪਰ ਇਹਨਾਂ ਨੇ ਇਕ ਨਿੱਜੀ ਚੈਨਲ ਨੂੰ ਅਧਿਕਾਰ ਦੇ ਦਿੱਤੇ। ਮੰਨਿਆ ਕਿ ਇਹਨਾਂ ਨੇ ਸਿੱਖਾਂ ਲਈ ਚੰਗਾ ਫੈਸਲਾ ਲਿਆ ਪਰ ਮਸਲਾ ਉਸ ਸਮੇਂ ਖੜ੍ਹਾ ਹੋਇਆ ਜਦੋਂ ਇਕ ਪ੍ਰਾਈਵੇਟ ਚੈਨਲ ਨੇ ਫੇਸਬੁੱਕ ਉੱਤੇ ਹੁਕਮਨਾਮਾ ਰਿਲੀਜ਼ ਕੀਤਾ ਤੇ ਫਿਰ ਪੀਟੀਸੀ ਨੇ ਇਸ ਉੱਪਰ ਇਤਰਾਜ਼ ਜਤਾਇਆ ਸੀ ਕਿ ਹੋਰ ਕੋਈ ਵੀ ਇਸ ਨੂੰ ਜਾਰੀ ਨਹੀਂ ਕਰ ਸਕਦਾ।
ਪੀਟੀਸੀ ਨੇ ਕਿਹਾ ਕਿ ਇਹ ਉਹਨਾਂ ਦੀ ਅਪਣਈ ਨਿੱਜੀ ਪ੍ਰਾਪਟੀ ਹੈ ਇਸ ਨੂੰ ਹੋਰ ਕੋਈ ਨਹੀਂ ਵਰਤ ਸਕਦਾ।
ਦੇਖੋ ਗੁਰਬਾਣਈ ਗੁਰੂ ਨੇ ਲਿਖੀ ਹੈ ਤੇ ਉਹਨਾਂ ਨੇ ਆਪ ਹੀ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ ਤੇ ਪੀਟੀਸੀ ਦਾ ਵੀ ਕੋਈ ਅਧਿਕਾਰ ਨਹੀਂ ਹੈ ਤੇ ਫਿਰ ਜਿੱਥੇ ਇਹ ਗੁਰਬਾਣੀ ਰਿਕਾਰਡ ਕੀਤੀ ਗਈ ਉਹ ਵੀ ਸ੍ਰੀ ਦਰਬਾਰ ਸਾਹਿਬ ਸੀ ਤੇ ਉਹ ਵੀ ਕਿਸੇ ਨਿੱਜੀ ਚੈਨਲ ਦੀ ਜਾਇਦਾਦ ਨਹੀਂ ਹੈ ਤੇ ਜਿਹੜੇ ਰਾਗੀਆਂ ਨੇ ਇਙ ਗੁਰਬਾਣੀ ਪੜ੍ਹੀ ਉਹ ਵੀ ਕਿਸੇ ਨਿੱਜੀ ਚੈਨਲ ਦੇ ਮੁਲਾਜ਼ਮ ਨਹੀਂ ਹਨ।
ਸਵਾਲ - ਪਰ ਉਹ ਚੈਨਲ ਦਾ ਐਮਡੀ ਕਹਿੰਦਾ ਹੈ ਕਿ ਗੁਰਬਾਣੀ ਉਹਨਾਂ ਦੇ ਚੈਨਲ ਜ਼ਰੀਏ ਪੂਰੀ ਦੁਨੀਆਂ ਵਿਚ ਪਹੁੰਚ ਰਹੀ ਹੈ ਤੇ ਉਹ ਵੀ ਸਾਡੇ ਚੈਨਲ ਕਰ ਕੇ ਹੀ ਹੈ?
ਜਵਾਬ - ਇਹ ਸਿਰਫ਼ ਉਹਨਾਂ ਦੀ ਅਪਣੀ ਨਿੱਜੀ ਰਾਇ ਹੋ ਸਕਦੀ ਹੈ ਪਰ ਸੱਚਾਈ ਇਸ ਦੇ ਉਲਟ ਹੈ ਕਿਉਂਕਿ ਜਦੋਂ ਇਹਨਾਂ ਨੇ ਚੈਨਲ ਸ਼ੁਰੂ ਕੀਤਾ ਸੀ ਤਾਂ ਉਦੋਂ ਇਹਨਾਂ ਦਾ ਬਜਟ ਕੀ ਸੀ ਤੇ ਅੱਜ ਇਹਨਾਂ ਦਾ ਟਰਨਓਵਰ ਕਿੱਥੇ ਪਹੁੰਚੀ ਹੋਈ ਹੈ, ਇਹ ਕਿਸ ਕਰ ਕੇ ਹੈ ਉਸ ਗੁਰਬਾਣੀ ਕਰ ਕੇ। ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਸਿਰਫ਼ ਪੀਟੀਸੀ ਚੈਨਲ ਹੈ ਜੋ ਮੁਫ਼ਤ ਵਿਚ ਨਹੀਂ ਹੈ।
ਉਹਨਾਂ ਨੇ ਕਿਹਾ ਕਿ ਜਦੋਂ ਇਕ ਨਿੱਜੀ ਚੈਨਲ ਦੇ ਮਾਲਕ ਤੇ ਪਰਚਾ ਦਰਜ ਹੋ ਗਿਆ ਤੇ ਉਹ ਜੇਲ੍ਹ ਚਲਾ ਜਾਂਦਾ ਹੈ ਤਾਂ ਉਹਨਾਂ ਦਾ ਅਧਿਕਾਰ ਨਹੀਂ ਬਣਦਾ ਕਿ ਉਹਨਾਂ ਦੇ ਕੈਮਰੇ ਤੇ ਉਹ ਉਸ ਪਵਿੱਤਰ ਜਗ੍ਹਾ 'ਤੇ ਕੰਮ ਕਰ ਸਕਣ। ਇਹ ਮਸਲਾ ਉਦੋਂ ਉੱਠਿਆ ਜਦੋਂ ਸੰਗਰੂਰ ਜ਼ਿਲ੍ਹੇ ਤੋਂ ਇਕ ਮੈਂਬਰ ਜੋ ਢੀਂਡਸਾ ਗਰੁੱਪ ਨਾਲ ਜੁੜੇ ਹੋਏ ਸਨ ਉਹਨਾਂ ਨੇ ਇਹ ਮਸਲਾ ਜਰਨਲ ਹਾਊਸ ਵਿਚ ਚੁੱਕਿਆ ਸੀ।
ਉਸ ਦੇ ਜਵਾਬ ਵਿਚ ਜਥੇਦਾਰ ਨੇ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਇਕ ਹਫ਼ਤੇ ਵਿਚ ਅਪਣਾ ਚੈਨਲ ਖੋਲ੍ਹ ਕੇ ਇਹ ਚੈਨਲ ਬੰਦ ਕਰੇ ਤੇ ਸ਼੍ਰੋਮਣੀ ਕਮੇਟੀ ਦੇ ਜੋ ਪ੍ਰਧਾਨ ਹਨ ਉਹਨਾਂ ਨੇ ਉਸ ਸਮੇਂ ਇਹ ਹਵਾਲਾ ਦਿੱਤਾ ਸੀ ਕਿ ਉਹਨਾਂ ਕੋਲ ਚੈਨਲ ਖੋਲ੍ਹਣ ਲਈ ਪੈਸੇ ਨਹੀਂ ਹਨ। ਇਸ ਚੈਨਲ ਵਿਚ ਤਾਂ ਸਿਰਫ਼ ਕੈਮਰੇ ਤੇ ਸਟੂਡੀਓ ਹੀ ਬਣਾਉਣਾ ਹੈ ਨਾ ਕਿ ਕੋਈ ਪੱਤਰਕਾਰ ਜਾਂ ਕੁੱਝ ਹੋਰ ਕਰਨਾ ਹੈ ਜਿਸ ਵਿਚ ਤੁਸੀਂ 200 ਕਰੋੜ ਲਗਾਉਣਾ ਹੈ।
ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਜੋ ਮਰਿਆਦਾ ਦੀ ਗੱਲ ਹੈ ਤਾਂ ਪੀਟੀਸੀ ਚੈਨਲ ਦੀ ਮਰਿਆਦਾ ਸਿਰਫ਼ ਅੱਧੇ ਘੰਟੇ ਦੀ ਹੁੰਦੀ ਹੈ ਜਿਸ ਵਿਚ ਉਹ ਗਲਤ ਇਸ਼ਤਿਹਾਰ ਨਹੀਂ ਦਿੰਦਾ। ਪੀਟੀਸੀ ਨੇ ਜੋ ਗੁਰਬਾਣੀ ਦਾ ਵਪਾਰੀਕਰਨ ਕੀਤਾ ਹੈ, ਉਹ ਗੈਰ-ਸਿਧਾਂਤਕ ਹੈ। ਇਸ ਦੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਦੇ ਟਵੀਟ ਬਾਰੇ ਗੱਲ ਕਰਦਿਆਂ ਕਿਹਾ ਕਿ ਉਹਨਾਂ ਦੇ ਮੁੱਖ ਮੰਤਰੀ ਨਾਲ 100 ਵਖਰੇਵੇਂ ਹੋ ਸਕਦੇ ਹਨ ਪਰ ਉਹਨਾਂ ਨੇ ਟਵੀਟ ਵਿਚ ਜੋ ਗੱਲ ਲਿਖੀ ਹੈ ਉਹ ਸਹੀ ਹੈ ਕਿਉਂਕਿ ਗੁਰਬਾਣੀ ਦਾ ਅਧਿਕਾਰ ਸਿਰਫ਼ ਇਕ ਹੀ ਚੈਨਲ ਨੂੰ ਕਿਉਂ ਦਿੱਤਾ ਜਾਵੇ।
ਇਸ ਦੇ ਨਾਲ ਹੀ ਉਹਨਾਂ ਸ਼੍ਰੋਮਣੀ ਅਕਾਲੀ ਦਲ ਬਾਰੇ ਗੱਲ ਕਰਦਿਆਂ ਕਿਹਾ ਕਿ ਹੁਣ ਅਕਾਲੀ ਦਲ ਨੂੰ ਖ਼ੁਦ ਇਹ ਫੈਸਲਾ ਕਰਨਾ ਪਏਗਾ ਕਿ ਉਹਨਾਂ ਨੇ ਇਕ ਨਿੱਜੀ ਚੈਨਲ ਚਲਾਉਣਾ ਹੈ, ਸ਼੍ਰੋਮਣੀ ਕਮੇਟੀ ਨੂੰ ਚਲਾਉਣਾ ਹੈ ਜਾਂ ਫਿਰ ਰਾਜਨੀਤੀ ਕਰਨੀ ਹੈ ਕਿਉਂਕਿ ਹੁਣ ਸ਼੍ਰੋਮਣੀ ਕਮੇਟੀ ਵਿਚ ਉਨੀ ਤਾਕਤ ਨਹੀਂ ਰਹੀ ਕਿ ਉਹ ਲੜਾਈ ਲੜ ਸਕੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਰਾਇ ਤਾਂ ਇਹ ਹੀ ਹੈ ਕਿ ਪੀਟੀਸੀ ਚੈਨਲ ਨੂੰ ਹੁਣ ਸਾਰਾ ਪੈਸਾ ਦਾਨ ਕਰ ਦੇਣਾ ਚਾਹੀਦਾ ਹੈ ਚਾਹੇ ਉਸ ਨੇ ਕਿਵੇਂ ਵੀ ਕਮਾਇਆ ਹੈ ਤੇ ਜੇ ਇਹ ਚੈਨਲ ਜਾਂ ਸ਼੍ਰੋਮਣੀ ਕਮੇਟੀ ਤਾਂ ਇੱਦਾਂ ਹੀ ਕਰਦੀ ਰਹੀ ਤਾਂ ਇਹ ਮਸਲੇ ਉੱਠਦੇ ਰਹਿਣਗੇ ਨਹੀਂ ਤਾਂ ਸਭ ਕੁੱਝ ਸਿਧਾਂਤ ਮੁਤਾਬਕ ਕਰਨ।