
ਬਿਜਲੀ ਦੀ ਮੰਗ 15000 ਮੈਗਾਵਟ ਪਾਰ ਕਰਨ ਦੇ ਅੰਦਾਜ਼ੇ
Punjab News: ਸੂਬੇ ਅੰਦਰ ਜੇਠ ਦੀ ਗਰਮੀ ਨੇ ਜਿਥੇ ਪੰਜਾਬ ਨੂੰ ਭੱਠੀ ਵਾਂਗ ਤੱਪਣ ਲਗਾ ਦਿਤਾ ਹੈ, ਉਥੇ ਹੀ ਬਿਜਲੀ ਦੀ ਮੰਗ ਵੀ ਪਿਛਲੇ ਸਾਰੇ ਰਿਕਾਰਡ ਤੋੜ ਰਹੀ ਹੈ। ਅੱਜ ਸੂਬੇ ਅੰਦਰ ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ ਜੋ ਕਿ ਪਿਛਲੇ ਸਾਲ ਨਾਲੋਂ ਕਿਤੇ ਵੱਧ ਹੈ। ਅੱਜ ਪਾਵਰਕਾਮ ਦੇ ਸਰਕਾਰੀ ਥਰਮਲ ਪਲਾਂਟ ਦੇ ਦੋ ਯੂਨਿਟ ਅਚਾਨਕ ਬੰਦ ਹੋ ਗਏ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ 2 ਵਜੇ ਤੋਂ ਬਾਅਦ ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ। ਦੁਪਹਿਰ ਪੌਣੇ ਤਿੰਨ ਵਜੇ ਦੇ ਕਰੀਬ ਬਿਜਲੀ ਦੀ ਮੰਗ 1376 ਮੈਗਾਵਾਟ ਤੇ ਪੁੱਜ ਗਈ ਸੀ। ਪਾਵਰਕਾਮ ਦੇ ਸਰਕਾਰੀ ਰੋਪੜ ਥਰਮਲ ਪਲਾਂਟ ਦੇ ਤਕਨੀਕੀ ਖ਼ਰਾਬੀ ਕਾਰਨ ਦੋ ਯੂਨਿਟ ਬੰਦ ਹੋ ਗਏ ਜਿਸ ਨਾਲ ਪਾਵਰਕਾਮ ਲਈ ਤਪਦੀ ਗਰਮੀ ਵਿਚ ਮੁਸੀਬਤਾਂ ਖੜੀਆਂ ਹੋ ਗਈਆਂ।
ਇਸ ਸਾਲ ਬਿਜਲੀ ਦੀ ਮੰਗ ਵਿਚ ਵੱਡਾ ਇਜ਼ਾਫ਼ਾ ਦਰਜ ਕੀਤਾ ਗਿਆ ਹੈ। ਜੇਕਰ ਬਿਜਲੀ ਉਤਪਾਦਨ ਦੀ ਗੱਲ ਕੀਤੀ ਜਾਵੇ ਤਾਂ ਪਾਵਰਕਾਮ ਦੇ ਸਰਕਾਰੀ ਥਰਮਲ ਪਲਾਟਾਂ ਵਲੋਂ 1467 ਮੈਗਾਵਾਟ ਦੇ ਕਰੀਬ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਜਦਕਿ ਕਲ 1800 ਮੈਗਾਵਾਟ ਤੋਂ ਜ਼ਿਆਦਾ ਬਿਜਲੀ ਉਤਪਾਦਨ ਹੋ ਰਿਹਾ ਸੀ। ਅੱਜ ਸਰਕਾਰੀ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਹੋ ਗਏ ਅਤੇ ਦੋ ਯੂਨਿਟਾਂ ਤੋਂ ਸਿਰਫ਼ 360 ਮੈਗਾਵਾਟ ਹੀ ਬਿਜਲੀ ਉਤਪਾਦਨ ਹੋ ਰਿਹਾ ਸੀ ਜਦਕਿ ਬੀਤੇ ਦਿਨੀਂ ਰੋਪੜ ਥਰਮਲ ਪਲਾਂਟ ਤੋਂ 695 ਮੈਗਾਵਾਟ ਬਿਜਲੀ ਉਤਪਾਦਨ ਸੀ।
ਸਰਕਾਰੀ ਲਹਿਰਾ ਮੁਹੱਬਤ ਥਰਮਲ ਪਲਾਟ ਦੇ ਤਿੰਨ ਯੂਨਿਟ ਚਾਲੂ ਹਨ ਅਤੇ ਇਥੋਂ 651 ਮੈਗਾਾਵਟ ਬਿਜਲੀ ਉਤਪਾਦਨ ਹੋ ਰਿਹਾ ਹੈ। ਇਸ ਨਾਲ ਸਰਕਾਰੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਤੋਂ 458 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ। ਜੇਕਰ ਪ੍ਰਾਈਵੇਟ ਥਰਮਲ ਪਲਾਂਟ ਰਾਜਪੁਰਾ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਦੋਵੇਂ ਯੂਨਿਟਾਂ ਤੋਂ 1324 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ ਅਤੇ ਇਸ ਦੇ ਦੋਵੇਂ ਯੂਨਿਟ ਪੂਰੀ ਸਮਰੱਥਾ ਤੇ ਭਖੇ ਹੋਏ ਹਨ। ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ 15000 ਮੈਗਾਵਾਟ ਨੂੰ ਪਾਰ ਕਰਨ ਦੇ ਅੰਦਾਜ਼ੇ ਹਨ।
(For more Punjabi news apart from Two units of government Ropar thermal plant were suddenly shut down, stay tuned to Rozana Spokesman)