
ਬਚਪਨ ’ਚ ਗ਼ਲਤ ਟੀਕੇ ਕਾਰਨ ਚਲੀ ਗਈ ਸੀ ਮੇਰੀ ਅੱਖਾਂ ਦੀ ਰੋਸ਼ਨੀ : ਅਮਿਤ ਕੁਮਾਰ
ਅੱਜ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਅਮਿਤ ਕੁਮਾਰ ਦੀ ਗੱਲ ਕਰ ਰਹੇ ਹਾਂ। ਜਿਨ੍ਹਾਂ ਨੇ ਹਿੰਮਤ ਦੀ ਮਿਸਾਲ ਕਾਇਮ ਕੀਤੀ ਹੈ। ਅਮਿਤ ਕੁਮਾਰ ਜੋ ਕਿ ਹਿਸਟਰੀ ਦੇ ਅਧਿਆਪਕ ਹਨ। ਬਚਪਨ ਵਿਚ ਬੁਖ਼ਾਰ ਅਵਸਥਾ ਵਿਚ ਡਾਕਟਰ ਨੇ ਗ਼ਲਤ ਟੀਕਾ ਲੱਗਾ ਦਿਤਾ ਜਿਸ ਕਾਰਨ ਅਮਿਤ ਕੁਮਾਰ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ। ਅਧਿਆਪਕ ਅਮਿਤ ਕੁਮਾਰ ਆਪ ਹਨੇਰਭਰੀ ਜ਼ਿੰਦਗੀ ਜੀ ਰਿਹਾ ਹੈ, ਪਰ ਬੱਚਿਆਂ ਦਾ ਚਮਕਾ ਰਿਹਾ ਹੈ ਭਵਿੱਖ।
ਅਮਿਤ ਕੁਮਾਰ ਨੇ ਕਿਹਾ ਕਿ ਮੈਨੂੰ ਗਾਣ ਬਜਾਣ ਦਾ ਸ਼ੁਰੂ ਤੋਂ ਹੀ ਸੌਂਕ ਸੀ, ਪਰ ਹੁਣ ਮੈਨੂੰ ਹਿਸਟਰੀ ਦੇ ਅਧਿਆਪਕ ਵਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰਾਚੋਂ ’ਚ ਮੇਰੀ 2021 ’ਚ ਡਿਊਟੀ ਲਗਾਈ ਗਈ ਸੀ। ਇਸ ਤੋਂ ਪਹਿਲਾਂ ਮੈਂ 2006 ਤੋਂ ਲੈ ਕੇ ਵੱਖ-ਵੱਖ ਸਕੂਲਾਂ ਵਿਚ ਸੇਵਾ ਨਿਭਾਈ ਹੈ। ਮੈਂ ਅੱਜ ਤਕ ਜਿੰਨੇ ਬੱਚਿਆਂ ਨੂੰ ਪੜ੍ਹਾਇਆ ਹੈ ਕਦੇ ਕੋਈ ਫ਼ੇਲ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਜਦੋਂ ਮੇਰੀ 3 ਸਾਲ ਦੀ ਉਮਰ ਸੀ ਤਾਂ ਮੈਨੂੰ ਬੁਖ਼ਾਰ ਹੋਣ ’ਤੇ ਮਰੀ ਮਾਂ ਡਾਕਟਰ ਕੋਲ ਲੈ ਗਈ ਜਿਸ ਨੇ ਮੇਰੇ ਗ਼ਲਤ ਟੀਕਾ ਲਗਾ ਦਿਤਾ ਜਿਸ ਕਰ ਕੇ ਮੇਰੀ ਅੱਖਾਂ ਦੀ ਰੋਸ਼ਨੀ ਚਲੀ ਗਈ। ਮੈਨੂੰ ਘਰ ਨਾਲੋਂ ਜ਼ਿਆਦਾ ਸਮਾਂ ਸਕੂਲ ਵਿਚ ਬਿਤਾਉਣਾ ਚੰਗਾ ਲਗਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸਾਂ ਆਪਣੇ ਤੋਂ ਨੀਵੇਂ ਵਲ ਦੇਖਣਾ ਚਾਹੀਦਾ ਹੈ, ਜੇ ਅਸੀਂ ਉਪਰ ਵਲ ਦੇਖਾਂਗੇ ਤਾਂ ਅਸੀਂ ਕਦੇ ਕਾਮਯਾਬ ਨਹੀਂ ਹੋਣਗੇ।
ਸਕੂਲ ਦੇ ਇਕ ਅਧਿਆਪਕ ਨੇ ਕਿਹਾ ਕਿ ਅਸੀਂ ਅਧਿਆਪਕ ਅਮਿਤ ਕੁਮਾਰ ਦੇ ਹੌਸਲੇ ਨੂੰ ਸਲਾਮ ਕਰਦੇ ਹਾਂ, ਜੋ ਹਰ ਇਕ ਕੰਮ ਅੱਗੇ ਵਧ ਕੇ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਮਿਤ ਕੁਮਾਰ ਤੋਂ ਸਿਖਿਆ ਲੈਣੀ ਚਾਹੀਦੀ ਹੈ ਕਿ ਸਾਨੂੰ ਕਦੇ ਹੌਸਲਾ ਨਹੀਂ ਛੱਡਣਾ ਚਾਹੀਦਾ। ਪਹਿਲੀ ਕਲਾਸ ਤੋਂ ਲੈ ਕੇ ਬੀ.ਏ. ਤਕ ਗਾਣਾ ਵਜਾਉਣਾ ਸਿੱਖਦਾ ਰਿਹਾ ਤੇ ਗਾਣੇ ਵੀ ਗਾਉਂਦਾ ਰਿਹਾ, ਜਿਸ ਦੌਰਾਨ ਬਹੁਤ ਸਾਰੇ ਯੂਥ ਫ਼ੈਸਟੀਵਲਾਂ ਵਿਚ ਹਿੱਸਾ ਵੀ ਲਿਆ।
photo
ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਕਿਹਾ ਕਿ ਸਾਡੇ ਅਧਿਆਪਕ ਬਹੁਤ ਚੰਗੇ ਹਨ ਤੇ ਉਹ ਸਾਨੂੰ ਇੰਨੇ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਹਨ ਕਿ ਸਾਨੂੰ ਬਹੁਤ ਸੌਖਾ ਤੇ ਚੰਗੀ ਤਰ੍ਹਾਂ ਸਮਝ ਆ ਜਾਂਦਾ ਹੈ। ਬੱਚਿਆਂ ਨੇ ਕਿਹਾ ਸਾਨੂੰ ਮਾਣ ਹੈ ਅਮਿਤ ਸਰ ’ਤੇ, ਬੇਸ਼ੱਕ ਉਹ ਨੇਤਰਹੀਣ ਨੇ ਪਰ ਉਨ੍ਹਾਂ ਨੇ ਸਾਬਤ ਕਰ ਦਿਤਾ ਕਿ ਜੇਕਰ ਹੌਸਲੇ ਬੁਲੰਦ ਹੋਣ ਤਾਂ ਸ਼ਰੀਰਕ ਤੌਰ ’ਤੇ ਕੋਈ ਵੀ ਦਿੱਕਤ ਤੁਹਾਨੂੰ ਰੋਕ ਨਹੀਂ ਸਕਦੀ। ਬੱਚਿਆਂ ਨੇ ਕਿਹਾ ਕਿ ਅਮਿਤ ਸਰ ਹਮੇਸ਼ਾ ਆਪਣੇ ਕੰਮ ਆਪ ਕਰਦੇ ਹਨ, ਕਦੇ ਕਿਸੇ ਦਾ ਸਹਾਰਾ ਨਹੀਂ ਲੈਂਦੇ।