
ਸੂਬੇ ਦੇ ਲੋਕਾਂ ਨੂੰ ਸਰਕਾਰੀ ਕੰਮ ਕਰਾਉਣ ਲਈ ਹੋਰ ਸੌਖ ਮੁਹੱਈਆ ਕਰਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ 22 ਜੂਨ ਤੋਂ ਨੈਸ਼ਨਲ ਜੈਨੇਰਿਕ......
ਲੁਧਿਆਣਾ : ਸੂਬੇ ਦੇ ਲੋਕਾਂ ਨੂੰ ਸਰਕਾਰੀ ਕੰਮ ਕਰਾਉਣ ਲਈ ਹੋਰ ਸੌਖ ਮੁਹੱਈਆ ਕਰਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ 22 ਜੂਨ ਤੋਂ ਨੈਸ਼ਨਲ ਜੈਨੇਰਿਕ ਡਾਕੂਮੈਂਟ ਰਜਿਸਟਰੇਸ਼ਨ ਸਿਸਟਮ (ਐੱਨ. ਜੀ. ਡੀ. ਆਰ. ਐੱਸ.) ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਨਾਲ ਹੁਣ ਸਾਰੇ ਸਬ-ਰਜਿਸਟਰਾਰ ਦਫ਼ਤਰਾਂ ਵਿੱਚ ਰਜਿਸਟਰੀਆਂ ਆਨਲਾਈਨ ਹੋਇਆ ਕਰਨਗੀਆਂ ਅਤੇ ਰਜਿਸਟਰੀ ਲਈ ਅਪਾਇੰਟਮੈਂਟ ਵੀ ਆਨਲਾਈਨ ਹੀ ਮਿਲਿਆ ਕਰੇਗੀ।
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਹੁਣ ਲੋਕ ਜ਼ਮੀਨ ਦੀ ਰਜਿਸਟਰੀ ਲਈ ਆਪਣੇ ਘਰੋਂ ਬੈਠੇ ਹੀ ਵੈੱਬਸਾਈਟ www.igrpunjab.gov.in 'ਤੇ ਆਨਲਾਈਨ ਅਪਲਾਈ ਕਰ ਸਕਣਗੇ। ਇਹ ਪ੍ਰਕਿਰਿਆ ਬਹੁਤ ਹੀ ਸਰਲ ਅਤੇ ਸੁਰੱਖਿਅਤ ਹੈ। ਇਸ ਨਵੇਂ ਸਿਸਟਮ ਨਾਲ ਲੋਕਾਂ ਨੂੰ ਬਹੁਤ ਜਿਆਦਾ ਸੌਖ ਮਿਲੇਗੀ ਅਤੇ ਉਨ੍ਹਾਂ ਨੂੰ ਰਜਿਸਟਰੇਸ਼ਨ ਕੰਮ ਲਈ ਵਾਰ-ਵਾਰ ਸਬ-ਰਜਿਸਟਰਾਰ ਦਫ਼ਤਰਾਂ ਦੇ ਚੱਕਰ ਨਹੀਂ ਮਾਰਨੇ ਪੈਣਗੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਰਜਿਸਟਰੀ ਦੇ ਭਾਅ, ਫੀਸ ਅਤੇ ਹੋਰ ਪ੍ਰਕਿਰਿਆ ਲਈ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਵੀ ਨਹੀਂ ਰਹੇਗੀ।
ਇਸ ਤੋਂ ਇਲਾਵਾ ਲੋਕ ਇਸ ਸੇਵਾ ਨਾਲ ਹਫ਼ਤੇ ਦੇ ਹਰੇਕ ਦਿਨ ਕਿਸੇ ਵੀ ਵੇਲ੍ਹੇ ਆਨਲਾਈਨ ਰਜਿਸਟਰੇਸ਼ਨ ਕਰਵਾ ਸਕਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਆਨਲਾਈਨ ਰਜਿਸਟਰੇਸ਼ਨ ਤੋਂ ਬਿਨਾ ਰਜਿਸਟਰੀ ਨਹੀਂ ਹੋਵੇਗੀ। ਨੈਸ਼ਨਲ ਜੈਨੇਰਿਕ ਡਾਕੂਮੈਂਟ ਰਜਿਸਟਰੇਸ਼ਨ ਸਿਸਟਮ ਤਹਿਤ ਰਜਿਸਟਰੀ ਲਈ ਲੋੜੀਂਦੀ ਸਟੈਂਪ ਡਿਊਟੀ, ਫੀਸ ਅਤੇ ਹੋਰ ਖਰਚੇ ਵੀ ਆਨਲਾਈਨ ਹੀ ਤੈਅ ਹੋ ਜਾਇਆ ਕਰਨਗੇ। ਇਸ ਸਿਸਟਮ ਦੇ ਸ਼ੁਰੂ ਹੋਣ ਨਾਲ ਆਮ ਲੋਕਾਂ ਦੀ ਰਜਿਸਟਰੀ ਲਿਖ਼ਣ ਵਾਲੇ ਲੋਕਾਂ (ਡੀਡ ਰਾਈਟਰਜ਼) 'ਤੇ ਨਿਰਭਰਤਾ ਘੱਟ ਜਾਵੇਗੀ।