
ਰੂਪਨਗਰ ਤਂੋ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਨਜਾਇਜ਼ ਮਾਈਨਿੰਗ ਬੰਦ ਕਰਵਾਉਣ ਦੀ ਮੁਹਿੰਮ ਅੱਜ ਉਸ ਸਮੇਂ ਗੰਭੀਰ ਰੂਪ ਧਾਰ ਗਈ ਜਦੋਂ ....
ਨੂਰਪੁਰਬੇਦੀ: ਰੂਪਨਗਰ ਤਂੋ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਨਜਾਇਜ਼ ਮਾਈਨਿੰਗ ਬੰਦ ਕਰਵਾਉਣ ਦੀ ਮੁਹਿੰਮ ਅੱਜ ਉਸ ਸਮੇਂ ਗੰਭੀਰ ਰੂਪ ਧਾਰ ਗਈ ਜਦੋਂ ਜਦੋਂ ਬਲਾਕ ਨੂਰਪੁਰ ਬੇਦੀ ਦੇ ਨਜ਼ਦੀਕ ਪਿੰਡ ਬੇਈਂਹਾਰਾ ਵਿਖੇ ਮਾਈਨਿੰਗ ਮਾਫ਼ੀਆ ਨੇ ਅਚਾਨਕ ਵਿਧਾਇਕ ਸੰਦੋਆ ਨਾਲ ਗਾਲੀ ਗਲੋਚ ਦੌਰਾਨ ਉਨ੍ਹਾਂ ਉਪਰ ਹਮਲਾ ਕਰ ਦਿਤਾ।
ਇਸ ਹਮਲੇ ਵਿਚ ਵਿਧਾਇਕ ਸੰਦੋਆ ਸਖ਼ਤ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਬਾਅਦ ਵਿਚ ਪੀਜੀਆਈ ਚੰਡੀਗੜ੍ਹ ਦਾਖ਼ਲ ਕਰਾਇਆ ਗਿਆ। ਇਸ ਘਟਨਾ ਵਿਚ ਵਿਧਾਇਕ ਤੇ ਉਸ ਦੇ ਗੰਨਮੈਨ ਦੀ ਪੱਗ ਉਤਾਰੀ ਗਈ। ਮੌਕੇ 'ਤੇ ਮੌਜੂਦ ਵਿਧਾਇਕ ਦੇ ਪੀ.ਏ ਜਸਪਾਲ ਸਿੰਘ ਦੀ ਵੀ ਡੰਡਿਆਂ ਤੇ ਥੱਪੜਾਂ ਨਾਲ ਉਸ ਸਮੇਂ ਕੁੱਟਮਾਰ ਕੀਤੀ ਗਈ ਜਦੋਂ ਉਹ ਸਾਰੀ ਘਟਨਾ ਆਪਣੇ ਮੋਬਾਈਲ ਵਿਚ ਕੈਦ ਕਰ ਰਹੇ ਸੀ।
ਉਨ੍ਹਾਂ ਨੇ ਉਸ ਦਾ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਕਵਰੇਜ ਕਰਨ ਲਈ ਪਹੁੰਚੇ ਪੱਤਰਕਾਰਾਂ ਨਾਲ ਵੀ ਦੁਰ ਵਿਹਾਰ ਕੀਤਾ। ਇਸ ਤੋਂ ਬਾਅਦ ਸੰਦੋਆ ਦੇ ਨਾਲ ਆਏ ਹੋਰ ਸਮਰਥਕਾਂ ਨੇ ਤਰੁੰਤ ਵਿਧਾਇਕ ਤੇ ਉਸਦੇ ਗੰਨਮੈਨ ਨੂੰ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਤੇ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀ.ਜੀ.ਆਈ ਚੰਡੀਗਡ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਸੀ।
ਹਲਕਾ ਵਿਧਾਇਕ ਸੰਦੋਆ ਤੇ ਕੀਤੇ ਹਮਲੇ ਤੇ ਪੁਲਿਸ ਵਲੋਂ ਕੀਤੀ ਕਾਰਵਾਈ ਤਹਿਤ 5 ਵਿਅਕਤੀਆ ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲੇ ਦਰਜ਼ ਕੀਤੇ ਹਨ । ਥਾਣਾ ਮੁੱਖੀ ਦੇਸ ਰਾਜ ਚੋਧਰੀ ਨੇ ਦੱਸਿਆ ਕਿ ਅਜਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ, ਬਚਿੱਤਰ ਸਿੰਘ ਪੁੱਤਰ ਮੰਗਲ ਸਿੰਘ, ਜਸਵਿੰਦਰ ਸਿੰਘ ਪੁੱਤਰ ਸਰਦਾਰਾ ਸਿੰਘ, ਮਨਜੀਤ ਸਿੰਘ ਪੁੱਤਰ ਮੀਂਹ ਮੱਲ ਅਤੇ ਅਮਰਜੀਤ ਸਿੰਘ ਪੁੱਤਰ ਚੱਤਰ ਸਿੰਘ ਵਿਰੁਧ ਮਾਮਲੇ ਦਰਜ ਕੀਤੇ ਹਨ।
ਸਪੋਕਸਮੈਨ ਸਮਾਚਾਰ ਸੇਵਾ ਅਨੁਸਾਰ ਇਕ ਸਰਕਾਰੀ ਬੁਲਾਰੇ ਨੇ ਅੱਜ ਚੰਡੀਗੜ੍ਹ ਵਿਚ ਬਿਆਨ ਜਾਰੀ ਕਰਕੇ ਦੱਸਿਆ ਕਿ ਪਿੰਡ ਬੇਈਹਾਰਾ ਦੇ ਅਜਵਿੰਦਰ ਸਿੰਘ ਦੇ ਤਿੰਨ ਰਿਸ਼ਤੇਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਜਵਿੰਦਰ ਅਤੇ ਇੱਕ ਹੋਰ ਦੋਸ਼ੀ ਬਚਿੰਤਰ ਸਿੰਘ ਪਿੰਡ ਭਾਉਵਾਲ ਘਟਨਾ ਤੋਂ ਬਾਅਦ ਫਰਾਰ ਹੋ ਗਏ ਹਨ। ਉਨ੍ਹਾਂ ਨੂੰ ਛੇਤੀ ਹੀ ਗ੍ਰਿਫਤਾਰ ਕੀਤੇ ਜਾਣ ਦੀ ਆਸ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਜਸਵਿੰਦਰ ਸਿੰਘ ਗੋਲਡੀ, ਮਨਜੀਤ ਸਿੰਘ ਅਤੇ ਅਮਰਜੀਤ ਸਿੰਘ ਸਾਰੇ ਵਾਸੀ ਪਿੰਡ ਬੇਈਹਾਰਾ ਸ਼ਾਮਲ ਹਨ।
ਉਨ੍ਹਾਂ ਕੋਲੋਂ ਇਕ ਕਾਲੇ ਰੰਗ ਦੀ ਐਕਸ ਯੂ ਵੀ ਗੱਡੀ ਅਤੇ 12 ਬੋਰ ਦੀਆਂ 2 ਬੰਦੂਕਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਕੀ ਕਹਿੰਦੇ ਹਨ ਏ.ਡੀ.ਸੀ- ਜਦੋਂ ਗ਼ੈਰ ਕਾਨੂੰਨੀ ਮਾਇਨਿੰਗ ਸਬੰਧੀ ਜਾਂਚ ਕਰਨ ਆਏ ਏ.ਡੀ.ਸੀ ਰੂਪਨਗਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਹਰ ਵਾਰ ਦੀ ਤਰ੍ਹਾਂ ਇਹ ਕਹਿਕੇ ਪੱਲਾ ਛੁਡਾ ਲਿਆ ਕਿ ਜਦੋ ਉਹ ਮੋਕਾ ਦੇਖਣ ਗਏ ਸੀ ਤਾਂ ਉਥੇ ਕੋਈ ਵੀ ਮਸ਼ੀਨਰੀ ਮਾਈਨਿੰਗ ਕਰਦੀ ਨਹੀਂ ਪਾਈ ਗਈ।