
ਪੁਲਿਸ ਵਲੋਂ ਬਣਾਈ ਝੂਠੀ ਕਹਾਣੀ ਦੀ ਲਪੇਟ 'ਚ ਅਜੇ ਕਈਆਂ ਦੇ ਫਸਣ ਦੀ ਸੰਭਾਵਨਾ , 'ਬਹਿਬਲ ਗੋਲੀਕਾਂਡ'
ਕੋਟਕਪੂਰਾ, 20 ਜੂਨ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਤੋਂ ਬਾਅਦ ਵਾਪਰੇ ਬਹਿਬਲ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਨੇ ਅੱਜ ਤੀਜੀ ਗ੍ਰਿਫ਼ਤਾਰੀ ਕਰਦਿਆਂ ਪੰਕਜ ਮੋਟਰਜ਼ ਫ਼ਰੀਦਕੋਟ ਦੇ ਮੈਨੇਜਰ ਸੰਜੀਵ ਕੁਮਾਰ ਨੂੰ ਹਿਰਾਸਤ 'ਚ ਲਿਆ ਹੈ। ਇਸ ਤੋਂ ਪਹਿਲਾਂ ਐਸਆਈਟੀ ਵਲੋਂ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਐਡਵੋਕੇਟ ਸੁਹੇਲ ਸਿੰਘ ਬਰਾੜ ਦੀ ਇਸ ਮਾਮਲੇ 'ਚ ਗ੍ਰਿਫਤਾਰੀ ਪਾਈ ਜਾ ਚੁੱਕੀ ਹੈ।
ਜ਼ਿਕਰਯੋਗ ਹੈ ਕਿ 14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ 'ਤੇ ਬੈਠੀ ਸੰਗਤ ਉਪਰ ਗੋਲੀਆਂ ਚਲਾ ਕੇ ਦੋ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਨ ਅਤੇ ਅਨੇਕਾਂ ਨੂੰ ਜ਼ਖ਼ਮੀ ਕਰਨ ਵਾਲੀ ਘਟਨਾ ਨੂੰ ਗਲਤ ਸਾਬਿਤ ਕਰਨ ਲਈ ਪੁਲਿਸ ਨੇ ਝੂਠੀ ਕਹਾਣੀ ਘੜਦਿਆਂ ਆਪਣੀ ਹੀ ਜਿਪਸੀ ਉੱਪਰ ਗੋਲੀਆਂ ਮਾਰ ਕੇ ਧਰਨਾਕਾਰੀਆਂ ਨੂੰ ਦੋਸ਼ੀ ਸਾਬਿਤ ਕਰਨ ਦੀ ਕੌਸ਼ਿਸ਼ ਕੀਤੀ ਸੀ ਪਰ ਉਕਤ ਘਟਨਾ ਹੁਣ ਪੁਲਿਸ ਲਈ ਗਲੇ ਦੀ ਹੱਡੀ ਬਣਦੀ ਜਾ ਰਹੀ ਹੈ। ਕਿਉਂਕਿ ਜਿਪਸੀ 'ਤੇ ਗੋਲੀਆਂ ਮਾਰਨ ਵਾਲੀ ਕਾਰਵਾਈ 'ਚ ਕਈ ਲੋਕਾਂ ਦੇ ਫਸਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
File Photo
ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਵਲੋਂ ਅਦਾਲਤ 'ਚ ਪੇਸ਼ ਕੀਤੇ ਚਲਾਨ ਦੀ ਰਿਪੋਰਟ 'ਚ ਖੁਲਾਸਾ ਕੀਤਾ ਜਾ ਚੁੱਕਾ ਹੈ ਕਿ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਪੁਲਿਸ ਵਲੋਂ ਬਿਨਾ ਕਿਸੇ ਜਾਬਤੇ ਦੀ ਪਾਲਣਾ ਕੀਤਿਆਂ ਲਾਠੀਚਾਰਜ ਸ਼ੁਰੂ ਕਰ ਦਿੱਤਾ, ਜਦੋਂ ਧਰਨਾਕਾਰੀਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਪੁਲਿਸ ਵਲੋਂ ਫਾਇਰਿੰਗ ਕਰਨ 'ਤੇ ਦੋ ਨੌਜਵਾਨਾਂ ਕਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਬੇਅੰਤ ਸਿੰਘ, ਗੁਰਦਿੱਤ ਸਿੰਘ, ਅੰਗਰੇਜ ਸਿੰਘ, ਹਰਜਿੰਦਰ ਸਿੰਘ ਅਤੇ ਕੁਝ ਹੋਰ ਵਿਅਕਤੀ ਜਖਮੀ ਹੋ ਗਏ।
ਵਿਸ਼ੇਸ਼ ਜਾਂਚ ਟੀਮ ਮੂਹਰੇ ਉਸ ਸਮੇਂ ਬਤੌਰ ਡਿਊਟੀ ਮੈਜਿਸਟ੍ਰੇਟ ਮੌਕੇ 'ਤੇ ਹਾਜਰ ਪ੍ਰਿਤਪਾਲ ਸਿੰਘ ਨਾਇਬ ਤਹਿਸੀਲਦਾਰ ਜੈਤੋ ਨੇ ਵੀ ਮੰਨਿਆ ਹੈ ਕਿ ਲਾਠੀਚਾਰਜ ਕਰਨ ਤੋਂ ਪਹਿਲਾਂ ਜਾਂ ਬਾਅਦ 'ਚ ਅਤੇ ਫਾਇਰਿੰਗ ਕਰਨ ਬਾਰੇ ਪੁਲਿਸ ਨੇ ਨਾ ਤਾਂ ਉਸ ਨਾਲ ਤਾਲਮੇਲ ਕੀਤਾ ਅਤੇ ਨਾ ਹੀ ਲਿਖਤੀ ਜਾਂ ਜੁਬਾਨੀ ਹੁਕਮ ਹਾਸਲ ਕੀਤਾ ਗਿਆ।
ਅੱਜ ਐਸਆਈਟੀ ਵਲੋਂ ਗ੍ਰਿਫਤਾਰ ਕੀਤੇ ਗਏ ਮੈਨੇਜਰ ਸੰਜੀਵ ਕੁਮਾਰ ਵਾਸੀ ਫ਼ਰੀਦਕੋਟ ਬਾਰੇ ਵੀ ਚਲਾਨ ਰਿਪੋਰਟ 'ਚ ਦਸਿਆ ਜਾ ਚੁੱਕਾ ਹੈ ਕਿ ਸੁਹੇਲ ਸਿੰਘ ਬਰਾੜ ਦੇ ਘਰ ਜਿਪਸੀ ਉਪਰ ਗੋਲੀਆਂ ਉਸ ਦੇ ਸਾਹਮਣੇ ਐਸ.ਪੀ. ਬਿਕਰਮਜੀਤ ਸਿੰਘ ਨੇ ਖੁਦ ਮਾਰੀਆਂ ਸਨ। ਪੁਲਿਸ ਵਲੋਂ ਝੂਠੀ ਕਹਾਣੀ ਬਣਾਉਣ ਲਈ ਜਿਪਸੀ ਉਪਰ ਮਾਰੀਆਂ ਗੋਲੀਆਂ ਬਾਰੇ ਪੰਕਜ ਮੋਟਰਜ਼ ਦੇ ਮਾਲਕ ਪੰਕਜ ਬਾਂਸਲ, ਮੈਨੇਜਰ ਸੰਜੀਵ ਕੁਮਾਰ, ਗੰਨਮੈਨ ਚਰਨਜੀਤ ਸਿੰਘ, ਐਡਵੋਕੇਟ ਸੁਹੇਲ ਸਿੰਘ ਬਰਾੜ, ਜਿਪਸੀ ਦੇ ਡਰਾਈਵਰ ਹੌਲਦਾਰ ਗੁਰਨਾਮ ਸਿੰਘ, ਸੇਵਾਮੁਕਤ ਸਬ ਇੰਸਪੈਕਟਰ ਦਲਜੀਤ ਸਿੰਘ, ਤਤਕਾਲੀਨ ਮੁੱਖ ਮੁਨਸ਼ੀ ਥਾਣਾ ਬਾਜਾਖਾਨਾ ਅਤੇ ਹੁਣ ਏਐਸਆਈ ਭੁਪਿੰਦਰ ਸਿੰਘ ਸਮੇਤ ਅਨੇਕਾਂ ਹੋਰ ਮੌਕੇ ਦੇ ਗਵਾਹਾਂ ਵਲੋਂ ਬਿਆਨ ਦਰਜ ਕਰਵਾਏ ਜਾ ਚੁੱਕੇ ਹਨ।