
ਬਰਗਾੜੀ ਕਾਂਡ ਦੇ ਮਾਮਲੇ ’ਚ ਭਾਈ ਮੰਡ ਨੇ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਸਿੱਖ ਸੰਗਤ ਤੋਂ ਮੰਗੀ ਮਾਫ਼ੀ
ਅੰਮਿ੍ਰਤਸਰ, 20 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚਾ ਬਿਨਾ ਮੰਗਾਂ ਮੰਨਵਾਇਆਂ, ਚੁੱਕ ਲੈਣ ’ਤੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਮਾਫ਼ੀ ਮੰਗ ਲਈ ਅਤੇ ਮੁੜ ਮੋਰਚਾ ਲਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਹੁਣ ਸਰਕਾਰ ਦੇ ਝਾਂਸੇ ਵਿਚ ਨਹੀਂ ਆਉਣਗੇ, ਜਿਸ ਦੇ ਵਜੀਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਵਾਅਦਾ ਕੀਤਾ ਸੀ ਕਿ ਉਹ ਜਨਤਕ ਹਿਤਾਂ ਵਿਚ ਮੋਰਚੇ ਦੀ ਸਮਾਪਤੀ ਕਰ ਦੇਣ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਬੇਨਕਾਬ ਕਰ ਕੇ ਸਜ਼ਾਵਾਂ ਦਿਵਾਉਣਗੇ।
ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰਨ ਬਾਅਦ ਭਾਈ ਧਿਆਨ ਸਿੰਘ ਮੰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀ। ਭਾਈ ਮੰਡ ਮੁਤਾਬਕ ਉਸ ਵੇਲੇ ਕੇਪਟਨ ਸਰਕਾਰ ਦੇ ਵਜੀਰਾਂ ਨੇ ਇਹ ਵੀ ਕਿਹਾ ਸੀ ਕਿ ਜੇਕਰ ਇਹ ਮੰਗਾਂ ਨਾ ਮੰਨਵਾ ਸਕੇ ਤਾਂ ਉਨ੍ਹਾਂ ਦਾ ਹਾਲ ਵੀ ਬਾਦਲਾਂ ਵਰਗਾ ਹੋਵੇਗਾ। ਇਹ ਬੱਜਰ ਗ਼ਲਤੀ ਕੈਪਟਨ ਸਰਕਾਰ ਨੇ ਕਰਵਾਈ ਹੈ। ਅਸੀ ਤਾਂ ਸਰਕਾਰਾਂ ਦੇ ਭੁਚਲਾਵੇ ਵਿਚ ਆ ਗਏ ਕਿ ਇਹ ਹਕੂਮਤ ਉਨ੍ਹਾਂ ਨਾਲ ਧੋਖਾ ਨਹੀਂ ਕਰੇਗੀ। ਇਸ ਮੌਕੇ ਉਨ੍ਹਾਂ ਨਾਲ ਜਰਨੈਲ ਸਿੰਘ ਸਖੀਰਾ, ਅਮਰੀਕ ਸਿੰਘ ਬੱਲੋਵਾਲ, ਜਥੇਦਾਰ ਗੁਰਬਿੰਦਰ ਸਿੰਘ ਜੋਲੀ, ਸੁਰਜੀਤ ਸਿੰਘ ਰਈਆ ਵਾਲੇ, ਮਨਜੀਤ ਸਿੰਘ, ਲਸ਼ਕਰ ਸਿੰਘ, ਪਰਮਜੀਤ ਸਿੰਘ ਸਹੋਲੀ, ਹਰਬੀਰ ਸਿੰਘ ਸੰਧੂ, ਕਸ਼ਮੀਰ ਸਿੰਘ ਫ਼ੌਜੀ, ਗੁਰਸ਼ਰਨ ਸਿੰਘ ਸੰਧੂ, ਬਾਬਾ ਹਰਬੰਸ ਸਿੰਘ, ਮੋਹਣ ਸਿੰਘ, ਨਰਿੰਜਨ ਸਿੰਘ, ਜਸਲੀਨ ਸਿੰਘ ਸਖੀਰਾ ਆਦਿ ਮੌਜੂਦ ਸਨ।