
ਪਾਕਿਸਤਾਨ 'ਚ ਵਿਦਿਆਰਥੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਮੌਲਵੀ 'ਤੇ ਪਰਚਾ ਦਰਜ
ਲਾਹੌਰ, 20 ਜੂਨ : ਪਾਕਿਸਤਾਨ ਵਿਚ ਈਸ਼ਨਿੰਦਾ ਵਿਰੁਧ ਰੈਲੀਆਂ ਦੀ ਅਗਵਾਈ ਕਰਨ ਵਾਲੇ ਇਕ 60 ਸਾਲਾ ਮੌਲਵੀ 'ਤੇ ਧਾਰਮਕ ਸਕੂਲ ਵਿਚ ਇਕ 20 ਸਾਲਾ ਵਿਦਿਆਰਥੀ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਪਰਚਾ ਦਰਜ ਕੀਤਾ ਗਿਆ ਹੈ | ਪੁਲਿਸ ਨੇ ਕਿਹਾ ਕਿ ਵਿਦਿਆਰਥੀ ਨੂੰ ਜ਼ਬਰਦਸਤੀ ਮਜਬੂਰ ਕਰਦੇ ਹੋਏ ਇਕ ਵੀਡੀਉ ਵਾਇਰਲ ਹੋਣ ਤੋਂ ਬਾਅਦ ਅਜ਼ੀਜ਼-ਉਰ-ਰਹਿਮਾਨ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਮੁਤਾਬਕ, ਸ਼ਿਕਾਇਤਕਰਤਾ ਨੇ ਜਾਂਚ ਵਿਚ ਸਹਿਯੋਗ ਲਈ ਕਈ ਵੀਡੀਉ ਤੇ ਆਡੀਉ ਸੌਂਪੇ ਹਨ | ਵਿਦਿਆਰਥੀ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਮੌਲਵੀ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿਤੀਆਂ ਹਨ | ਇਸ ਮਾਮਲੇ ਨਾਲ ਪਾਕਿਸਤਾਨ ਵਿਚ ਹਲਚਲ ਮਚ ਗਈ ਹੈ |
ਲੋਕ ਗੁੱਸੇ ਵਿਚ ਸ਼ੋਸ਼ਲ ਮੀਡੀਆ 'ਤੇ ਭੜਾਸ ਕੱਢ ਰਹੇ ਹਨ ਅਤੇ ਕਈਆਂ ਨੇ ਮੌਲਵੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ | ਉਥੇ ਹੀ, ਰਹਿਮਾਨ ਨੇ ਸ਼ੋਸ਼ਲ ਮੀਡੀਆ 'ਤੇ ਜਾਰੀ ਵੀਡੀਉ ਬਿਆਨ ਵਿਚ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਨਕਾਰਿਆ ਹੈ | ਅਜ਼ੀਜ਼-ਉਰ-ਰਹਿਮਾਨ ਨੇ ਦਾਅਵਾ ਕੀਤਾ ਕਿ ਉਸ ਨੂੰ ਕਥਿਤ ਤੌਰ 'ਤੇ ਨਸ਼ਾ ਦੇ ਕੇ ਵੀਡੀਉ ਬਣਾਈ ਗਈ, ਜੋ ਉਸ ਨੂੰ ਜਾਮੀਆ ਮਨਜ਼ੂਰ-ਉਲ-ਇਸਲਾਮੀਆ ਮਦਰਸਾ ਤੋਂ ਬਾਹਰ ਕੱਢਣ ਦੀ ਸਾਜ਼ਸ਼ ਹੈ | ਰਹਿਮਾਨ ਇਕ ਪ੍ਰਮੁੱਖ ਧਾਰਮਕ ਰਾਜਨੀਤਕ ਪਾਰਟੀ ਦਾ ਮੈਂਬਰ ਹੈ ਅਤੇ ਉਸ ਨੇ ਪਿਛਲੇ ਕਈ ਸਾਲਾਂ ਤੋਂ ਇਸ ਮਦਰੱਸੇ ਦੇ ਨਿਗਰਾਨ ਵਜੋਂ ਕੰਮ ਕੀਤਾ ਹੈ | ਉਥੇ ਹੀ, ਇਸ ਘਟਨਾ ਪਿੱਛੋਂ ਮਦਰੱਸੇ ਨੇ ਮੌਲਵੀ ਰਹਿਮਾਨ ਨੂੰ ਅਹੁਦੇ ਤੋਂ ਹਟਾ ਦਿਤਾ ਹੈ | (ਏਜੰਸੀ)