
ਕਾਂਗਰਸ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਨੂੰ ਲੈ ਕੇ ਹਾਕਮ ਪਾਰਟੀ ਵਿਚ ਪਿਆ ਨਵਾਂ ਕਲੇਸ਼
ਜਾਖੜ ਤੇ ਹੋਰਾਂ ਨੂੰ ਕੈਪਟਨ ਦੀ ਦੋ ਟੁਕ
ਚੰਡੀਗੜ੍ਹ, 20 ਜੂਨ (ਭੁੱਲਰ) : ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਹਾਈ ਕੋਰਟ ਦੇ ਫ਼ੈਸਲੇ ਬਾਅਦ ਪੰਜਾਬ ਦੀ ਹਾਕਮ ਪਾਰਟੀ ਵਿਚ ਉਠੀਆਂ ਬਗ਼ਾਵਤੀ ਸੁਰਾਂ ਤੇ ਪੈਦਾ ਹੋਏ ਸੰਕਟ ਦਾ ਹਾਲੇ ਪਾਰਟੀ ਹਾਈਕਮਾਨ ਹੱਲ ਨਹੀਂ ਕੱਢ ਸਕੀ | ਪਰ ਇਸੇ ਦੌਰਾਨ ਪਿਛਲੇ ਦਿਨੀਂ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਦੋ ਕਾਂਗਰਸੀ ਵਿਧਾਇਕਾਂ ਫ਼ਤਿਹਜੰਗ ਬਾਜਵਾ ਅਤੇ ਰਾਕੇਸ਼ ਪਾਂਡੇ ਦੇ ਪੁੱਤਰਾਂ ਨੂੰ ਤਰਸ ਦੇ ਆਧਾਰ 'ਤੇ ਵਿਸ਼ੇਸ਼ ਮੌਕਾ ਦੇ ਕੇ ਨੌਕਰੀਆਂ ਦੇੇਣ ਦੇ ਫ਼ੈਸਲੇ ਦੇ ਮੁੱਦੇ ਨੂੰ ਲੈ ਕੇ ਸਰਕਾਰ ਤੇ ਪਾਰਟੀ ਵਿਚ ਇਕ ਹੋਰ ਨਵਾਂ ਕਲੇਸ਼ ਜਾਂ ਕਹਿ ਲਈਏ ਨਵਾਂ ਸੰਕਟ ਪੈਦਾ ਹੋ ਗਿਆ ਹੈ |
ਜ਼ਿਕਰਯੋਗ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਹੀ ਆਹਮੋ ਸਾਹਮਣੇ ਹਨ | ਜਾਖੜ ਨੇ ਵੀ ਬੀਤੇ ਦਿਨੀਂ ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਮੁੱਖ ਮੰਤਰੀ ਤੋਂ ਮੁੜ ਵਿਚਾਰ ਕਰ ਕੇ ਵਾਪਸ ਲੈਣ ਦੀ ਅਪੀਲ ਕੀਤੀ ਗਈ ਸੀ ਪਰ ਮੁੱਖ ਮੰਤਰੀ ਨੇ ਇਸ ਦਾ ਦੋ ਟੁਕ ਜਵਾਬ ਦਿੰਦਿਆਂ ਟਵੀਟ ਕਰ ਕੇ ਇਹ ਅਪੀਲ ਸਪੱਸ਼ਟ ਤੌਰ 'ਤੇ ਰੱਦ ਕਰ ਦਿਤੀ | ਜਾਖੜ ਤੋਂ ਬਾਅਦ ਪਾਰਟੀ ਦੀ ਵਰਕਿੰਗ ਕਮੇਟੀ ਦੇ ਮੈਂਬਰ ਤੇ ਵਿਧਾਇਕ ਕੁਲਜੀਤ ਨਾਗਰਾ, ਇਸ ਤੋਂ ਬਾਅਦ ਵਿਧਾਇਕ ਰਾਜਾ ਵੜਿੰਗ, ਕੁਲਬੀਰ ਜ਼ੀਰਾ, ਪ੍ਰਗਟ ਸਿੰਘ, ਹਰਜੋਤ ਕਾਮਲ ਤੇ ਅੰਗਦ ਸਿੰਘ ਨੇ ਵੀ ਇਸ ਫ਼ੈਸਲੇ 'ਤੇ ਸਵਾਲ ਚੁਕਦਿਆਂ ਇਸ 'ਤੇ ਮੁੜ ਵਿਚਾਰ ਦੀ ਮੰਗ ਖੁਲ੍ਹੇਆਮ ਉਠਾਈ ਹੈ | ਹੋਰ ਕਈ ਕਾਂਗਰਸੀ ਆਗੂ ਵੀ ਫ਼ੈਸਲੇ ਦੇ ਵਿਰੋਧ ਵਿਚ ਬੋਲ ਰਹੇ ਹਨ ਤੇ ਕਤਾਰ ਲੰਮੀ ਹੋ ਰਹੀ ਹੈ |
ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਵੀ ਫ਼ੈਸਲੇ 'ਤੇ ਸਵਾਲ ਉਠਾ ਚੁੱਕੇ ਹਨ ਤੇ ਉਨ੍ਹਾਂ ਦੋਵੇਂ ਵਿਧਾਇਕਾਂ ਨੂੰ ਵੀ ਨਸੀਹਤ ਦਿਤੀ ਹੈ | ਜ਼ਿਕਰਯੋਗ ਹੈ ਕਿ ਪੰਜ ਮੰਤਰੀ ਕੈਬਨਿਟ ਵਿਚ ਇਸ ਫ਼ੈਸਲੇ ਬਾਰੇ ਪ੍ਰਸਤਾਵ ਆਉਣ ਤੇ ਅਪਣਾ ਵਿਰੋਧ ਦਰਜ ਕਰਾ ਚੁੱਕੇ ਹਨ | ਪਰ ਇਸ ਮਾਮਲੇ ਨੂੰ ਲੈ ਕੇ ਸੰਕਟ ਹੋਰ ਗੰਭੀਰ ਮੁੱਦਾ ਦਿਖਾਈ ਦੇ ਰਿਹਾ ਹੈ ਕਿ ਮੁੱਖ ਮੰਤਰੀ ਵਲੋਂ ਜਾਖੜ ਤੇ ਹੋਰਨਾਂ ਦੀ ਅਪੀਲ ਰੱਦ ਕਰਦਿਆਂ ਕਿਸੇ ਵੀ ਦਬਾਅ ਵਿਚ ਫ਼ੈਸਲੇ ਰੱਦ ਨਾ ਕੀਤੇ ਜਾਣ ਦੇ ਕੀਤੇ ਐਲਾਨ ਬਾਅਦ ਹੁਣ 9 ਮੰਤਰੀਆਂ ਅਤੇ 4 ਸੰਸਦ ਮੈਂਬਰ ਕੈਪਟਨ ਦੇ ਸਮਰਥਨ ਵਿਚ ਆ ਗਏ ਹਨ | ਉਨ੍ਹਾਂ ਫ਼ੈਸਲੇ ਨੂੰ ਸਹੀ ਠਹਿਰਾਇਆ ਹੈ | ਇਨ੍ਹਾਂ ਵਿਚ ਮੰਤਰੀ ਰਾਣਾ ਗੁਰਮੀਤ ਸੋਢੀ, ਸਾਧੂ ਸਿੰਘ ਧਰਮਸੋਤ, ਵਿਜੈਇੰਦਰ ਸਿੰਗਲਾ, ਅਰੁਨਾ ਚੌਧਰੀ, ਸੁੰਦਰ ਸ਼ਾਮ ਅਰੋੜਾ, ਗੁਰਪ੍ਰੀਤ ਕਾਂਗੜ, ਭਾਰਤ ਭੂਸ਼ਣ ਆਸ਼ੂ, ਓ.ਪੀ. ਸੋਨੀ ਤੇ ਬਲਬੀਰ ਸਿੰਘ ਸਿੱਧੂ ਅਤੇ ਸੰਸਦ ਮੈਂਬਰ ਗੁਰਜੀਤ ਔਜਲਾ, ਰਵਨੀਤ ਸਿੰਘ ਬਿੱਟੂ, ਜਸਬੀਰ ਡਿੰਪਾ, ਮੁਹੰਮਦ ਸਦੀਕ ਸ਼ਾਮਲ ਹਨ | ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਵੀ ਫ਼ੈਸਲੇ ਦਾ ਪੂਰਾ ਸਮਰਥਨ ਕੀਤਾ ਹੈ | ਇਨ੍ਹਾਂ ਵਲੋਂ ਜਾਰੀ ਸਾਂਝੇ ਬਿਆਨ ਵਿਚ ਕਾਂਗਰਸ ਕਮੇਟੀ ਦੇ ਸਾਰੇ ਰਾਜਨੀਤਕ ਲੀਡਰਾਂ ਨੂੰ ਸੁਝਾਅ ਦਿਤਾ ਕਿ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਜਿਸ ਨਾਲ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ |
ਲੀਡਰਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਘਰ –ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਨੂੰ ਸਭ ਤੋਂ ਵੱਧ ਤਵਜੋ ਦਿਤੀ ਹੈ ਜਿਸ ਤਹਿਤ ਪਹਿਲਾਂ ਹੀ 17.60 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦਿਤਾ ਗਿਆ ਜਿਸ ਵਿਚੋਂ 62,743 ਵਿਅਕਤੀਆਂ ਨੂੰ ਸਰਕਾਰੀ ਨੌਕਰੀ ਦਿਤੀ ਗਈ, 9.97 ਲੱਖ ਵਿਅਕਤੀਆਂ ਦੀ ਸਵੈ-ਰੋਜ਼ਗਾਰ ਲਈ ਮਦਦ ਕੀਤੀ ਗਈ ਅਤੇ 7,01,804 ਨੂੰ ਪ੍ਰਾਈਵੇਟ ਸੈਕਟਰ ਵਿਚ ਨੌਕਰੀਆਂ ਮੁਹਈਆ ਕਰਵਾਈਆਂ ਗਈਆਂ | ਸਰਕਾਰ ਨੇ ਪਹਿਲਾਂ ਹੀ ਇਕ ਲੱਖ ਵਾਧੂ ਸਰਕਾਰੀ ਨੌਕਰੀਆਂ ਭਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਹੋਈ ਹੈ | ਇਹ ਪ੍ਰਕਿਰਿਆ ਨਿਰਵਿਘਨ ਜਾਰੀ ਰਹੇਗੀ ਅਤੇ ਸਰਕਾਰ ਸੂਬੇੇ ਵਿਚ ਹਰ ਬੇਰੁਜ਼ਗਾਰ ਨੌਜਵਾਨ ਨੂੰ ਨੌਕਰੀ ਦਿਵਾਉਣ ਵਿਚ ਕੋਈ ਕਸਰ ਨਹੀਂ ਛੱਡੇਗੀ |
ਇਸ ਤਰ੍ਹਾਂ ਮੰਤਰੀ ਤੇ ਸੰਸਦ ਮੈਂਬਰ ਵੀ ਇਸ ਫ਼ੈਸਲੇ ਨੂੰ ਲੈ ਕੇ ਦੋ ਹਿੱਸਿਆਂ ਵਿਚ ਵੰਡੇ ਗਏ ਹਨ | ਕੈਬਨਿਟ ਵਿਚ ਵਿਰੋਧ ਕਰਨ ਵਾਲੇ ਮੰਤਰੀਆਂ ਵਿਚ ਸੁਖਜਿੰਦਰ ਸਿੰਘ ਰੰਧਾਵਾ, ਤਿ੍ਪਤ ਰਜਿੰਦਰ ਬਾਜਵਾ, ਚਰਨਜੀਤ ਸਿੰਘ ਚੰਨੀ, ਸੁੱਖ ਸਰਕਾਰੀਆ ਅਤੇ ਰਜ਼ੀਆ ਸੁਲਤਾਨਾ ਦੇ ਨਾਂ ਚਰਚਾ ਵਿਚ ਹਨ |