
ਪੇ ਕਮਿਸ਼ਨ ਸਿਰਫ਼ ਅਫ਼ਸਰਾਂ ਨੂੰ ਖ਼ੁਸ਼ ਕਰਨ ਲਈ : ਮੁਲਾਜ਼ਮ ਜਥੇਬੰਦੀ
ਚੰਡੀਗੜ੍ਹ, 20 ਜੂਨ (ਸੁਰਜੀਤ ਸਿੰਘ ਸੱਤੀ) : ਚੰਡੀਗੜ੍ਹ ਉਦਯੋਗ ਭਵਨ ਸੈਕਟਰ 17 ਵਿਖੇ ਪੀ.ਐਸ.ਆਈ.ਈ.ਸੀ. ਸਟਾਫ਼ ਐਸੋਸੀਏਸ਼ਨ ਦੀ ਹੋਈ ਮੀਟਿੰਗ ਵਿਚ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਮੁਲਾਜ਼ਮਾਂ ਨੂੰ ਦਿਤੇ ਪੇ ਕਮਿਸ਼ਨ ਉਤੇ ਖੁਲ੍ਹ ਕੇ ਵਿਚਾਰ ਚਰਚਾ ਕੀਤੀ | ਮੁਲਾਜ਼ਮ ਜਥੇਬੰਦੀ ਨੇ ਕਿਹਾ ਕਿ ਪੇ ਕਮਿਸ਼ਨ ਵਿਚ ਕੇਵਲ ਏ ਕਲਾਸ ਦੇ ਅਫ਼ਸਰਾਂ ਨੂੰ ਖ਼ੁਸ਼ ਕਰਨ ਉਨ੍ਹਾਂ ਨੂੰ ਫ਼ਾਇਦੇ ਦਿਤੇ ਗਏ ਹਨ ਇਨ੍ਹਾਂ ਨੂੰ ਹਾਊਸ ਰੈਂਟ 24 ਪ੍ਰਤੀਸ਼ਤ ਪਰ ਕਲਾਸ 4 ਨੂੰ ਹਾਊਸ ਰੈਂਟ ਕੇਵਲ 8 ਪ੍ਰਤੀਸ਼ਤ ਦਿਤਾ ਜਦਕਿ ਪਹਿਲਾਂ ਦਿਤੇ ਜਾਂਦੇ ਫੈਮਿਲੀ ਪਲਾਨਿੰਗ ਭੱਤੇ 'ਤੇ ਕੱਟ ਲਗਾ ਦਿਤਾ | ਨਵੇਂ ਪੇ ਕਮਿਸ਼ਨ ਵਿਚ ਕਲਾਸ ਏ ਮੁਲਾਜ਼ਮਾਂ ਨੂੰ ਛੱਡ ਕੇ ਬਾਕੀ ਸਾਰੇ ਮੁਲਾਜ਼ਮਾਂ ਦੀ ਤਨਖ਼ਾਹ ਵਿਚ 1000 ਰੁਪਏ ਤੋਂ 1500 ਰੁਪਏ ਦਾ ਵਾਧਾ ਹੀ ਹੋਇਆ ਹੈ | ਪੰਜਾਬ ਸਰਕਾਰ ਵਲੋਂ ਪੇ ਕਮਿਸ਼ਨ ਦੀ ਰੀਪੋਰਟ ਜਨਤਕ ਨਹੀਂ ਕੀਤੀ ਗਈ ਸਗੋਂ ਪੰਜਾਬ ਦੇ ਮੁਲਾਜ਼ਮਾਂ 'ਤੇ ਤਾਨਾਸ਼ਾਹੀ ਤਰੀਕੇ ਨਾਲ ਥੋਪੀ ਗਈ ਹੈ |
ਪੀ.ਐਸ.ਆਈ.ਈ.ਸੀ. ਸਟਾਫ਼ ਐਸੋਸੀਏਸ਼ਨ ਨੇ ਮੀਟਿੰਗ ਕਰ ਕੇ ਸਮੁੱਚੇ ਪੰਜਾਬ ਮੁਲਾਜ਼ਮ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਸ ਪੇ ਕਮਿਸ਼ਨ ਦੀ ਰੀਪੋਰਟ ਨੂੰ ਨਾਮਨਜ਼ੂਰ ਕੀਤਾ ਜਾਵੇ ਅਤੇ ਨਵੇਂ ਸਿਰੇ ਤੋਂ ਪੰਜਾਬ ਸਰਕਾਰ ਵਿਰੁਧ ਸੰਘਰਸ਼ ਕੀਤਾ ਜਾਵੇ | ਇਸ ਦੀ ਜਾਣਕਾਰੀ ਜਥੇਬੰਦੀ ਦੇ ਜਰਨਲ ਸਕੱਤਰ ਤਾਰਾ ਸਿੰਘ ਨੇ ਪ੍ਰੈੱਸ ਨੋਟ ਰਾਹੀਂ ਦਿਤੀ | ਅੱਜ ਦੀ ਮੀਟਿੰਗ ਵਿਚ ਸ੍ਰੀ ਗੁਰਦੀਪ ਸਿੰਘ ਸਰਪ੍ਰਸਤ, ਹਰਕੇਸ਼ ਰਾਣਾ ਮੀਤ ਪ੍ਰਧਾਨ, ਕੁਲਦੀਪ ਸਿੰਘ, ਬਲਵੰਤ ਸਿੰਘ ਜੁਗਿੰਦਰ ਰਾਣਾ, ਰਣਦੀਪ ਸਿੰਘ, ਅਮਿ੍ਤਪਾਲ ਸਿੰਘ, ਰਣਜੋਧ ਸਿੰਘ ਮੰਡੀ ਗੋਬਿੰਦਗੜ੍ਹ, ਸਵਰਨ ਸਿੰਘ, ਘਨਸ਼ਮ ਹੈਪੀ, ਅਜੇ ਕੁਮਾਰ , ਰਾਜੂ ਅਤੇ ਚੰਡੀਗੜ੍ਹ ਕਾਮਨ ਕੇਡਰ ਕੈਲਰੀਕਲ ਯੂਨੀਅਨ ਦੇ ਨੁਮਾਇੰਦੇ ਅਮਿ੍ਤਪਾਲ ਸਿੰਘ ਬਖਸ਼ੀਵਾਲਾ ਵੀ ਮੌਜੂਦ ਸਨ |