
ਫ਼ਿਲੀਪੀਨ ਦੇ ਸਰਕਾਰੀ ਵਕੀਲ ਦਾ ਗੋਲੀ ਮਾਰ ਕੇ ਕਤਲ
ਵਾਸ਼ਿੰਗਟਨ, 20 ਜੂਨ : ਫ਼ਿਲੀਪੀਨ ਦੇ ਸਰਕਾਰੀ ਵਕੀਲ ਦੀ ਫਿਲਾਡੇਲਫੀਆ ਫੇਰੀ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਜੌਨ ਅਲਬਰਟ ਲਾਇਲੋ ਆਪਣੀ ਮਾਂ ਨਾਲ ਫਿਲਾਡੇਲਫੀਆ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਜਾ ਰਿਹਾ ਸੀ। ਇਸ ਦੌਰਾਨ ਸ਼ਨੀਵਾਰ ਤੜਕੇ 4:10 ਵਜੇ ਪੈਨਸਿਲਵੇਨੀਆ ਯੂਨੀਵਰਸਿਟੀ ਨੇੜੇ ਲਾਲ ਬੱਤੀ ’ਤੇ ਉਸ ਦੀ ‘ਉਬੇਰ’ (ਪ੍ਰਾਈਵੇਟ ਕੈਬ) ਰੁਕੀ। ਉਦੋਂ ਇਕ ਕਾਲੇ ਰੰਗ ਦੀ ਕਾਰ ਉਸ ਦੇ ਨੇੜੇ ਆ ਕੇ ਰੁਕੀ ਅਤੇ ਉਸ ਦੀ ਕਾਰ ’ਤੇ ਕਈ ਗੋਲੀਆਂ ਚਲਾਈਆਂ ਗਈਆਂ। ਪੁਲਿਸ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਲਾਇਲੋ ਦੇ ਸਿਰ ਵਿਚ ਗੋਲੀ ਲੱਗੀ ਸੀ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ। ਪੁਲਿਸ ਨੇ ਦਸਿਆ ਕਿ ਇਸ ਮਾਮਲੇ ’ਚ ਅਜੇ ਤਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਹਮਲੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਮਲੇ ਵਿਚ ਲਾਇਲੋ, ਉਸਦੀ ਮਾਂ ਜਾਂ ਉਬੇਰ ਡਰਾਈਵਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਫਿਲਾਡੇਲਫੀਆ ਦੇ ਕੇਵਾਈਡਬਲਯੂ-ਟੀਵੀ ਦੇ ਅਨੁਸਾਰ, ਫਿਲੀਪੀਨ ਕੌਂਸਲੇਟ ਜਨਰਲ ਨੇ ਰਿਪੋਰਟ ਦਿਤੀ ਕਿ ਲਾਇਲੋ ਫਿਲੀਪੀਨ ਸਰਕਾਰ ਦਾ ਅਟਾਰਨੀ ਸੀ। ਉਬੇਰ ਡਰਾਈਵਰ ਦੀ ਮਾਂ ਅਤੇ ਅਟਾਰਨੀ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ ਹੈ। (ਏਜੰਸੀ)