
ਕਿਹਾ, ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਬਚਾਉਣ ਦੇ ਯਤਨਾਂ ਵਿਚ ਅਕਾਲੀ ਦਲ ਦਾ ਭੋਗ ਪਾ ਦੇਣਗੇ
Punjab News : ਸੀਨੀਅਰ ਟਕਸਾਲੀ ਅਕਾਲੀ ਆਗੂ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਥੇਦਾਰ ਲਖਵੀਰ ਸਿੰਘ ਥਾਬਲ ਨੇ ਇਲਜ਼ਾਮ ਲਗਾਇਆ ਹੈ ਕਿ ਚਾਪਲੂਸ ਕਿਸਮ ਦੇ ਮੁਠੀ ਭਰ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਸੋਚ ਅਤੇ ਰਾਜਨੀਤਕ ਤਾਕਤ ਦੇ ਕਾਤਲ ਹਨ ਜਿਹੜੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਬਚਾਉਣ ਦੇ ਯਤਨਾਂ ਵਿਚ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦਾ ਭੋਗ ਪਾ ਦੇਣਗੇ।
ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਲੋਕ ਜਾਂ ਤਾਂ ਕਿਸੇ ਨਿਜੀ ਲਾਲਚ ਜਾਂ ਫੋਕੀ ਸ਼ੋਹਰਤ ਦੇ ਵਸ ਅਜਿਹਾ ਗੁਨਾਹ ਏ ਬੇਲੱਜ਼ਤ ਕਰ ਰਹੇ ਹਨ ਜੋ ਸਿੱਖ ਕੌਮ ਅਤੇ ਪੰਜਾਬ ਲਈ ਸੋਚਣ ਦਾ ਵਿਸ਼ਾ ਬਣ ਚੁੱਕਾ ਹੈ ਜਾਂ ਫਿਰ ਇਨ੍ਹਾਂ ਨੂੰ ਲੋਕ ਸਭਾ ਚੋਣਾਂ ਦੇ ਅੰਕੜਿਆਂ ਬਾਰੇ ਜਾਣਕਾਰੀ ਨਹੀਂ । ਉਨ੍ਹਾਂ ਕਿਹਾ ਕਿ ਸਮੇਂ ਸਮੇਂ ਤੇ ਇਸ ਪਾਸੇ ਪੰਥਕ ਬੁੱਧੀਜੀਵੀਆਂ ਤੋਂ ਇਲਾਵਾ ਸਹੀ ਅਰਥਾਂ ਵਿਚ ਸਿੱਖ ਕੌਮ ਦੇ ਸੱਚੇ ਹਮਦਰਦ ਰੋਜ਼ਾਨਾ ਸਪੋਕਸਮੈਨ ਦੇ ਸੂਝਵਾਨ ਬਾਨੀ ਸੰਪਾਦਕ ਸਰਦਾਰ ਜੋਗਿੰਦਰ ਸਿੰਘ ਅਪਣੀ ਡਾਇਰੀ ਵਿਚ ਵਾਰ ਵਾਰ ਇਹ ਕਹਿੰਦੇ ਆ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣਾ ਸੁਖਬੀਰ ਬਾਦਲ ਦੇ ਪ੍ਰਧਾਨ ਹੁੰਦਿਆਂ ਨਾਮੁਮਕਿਨ ਹੈ। ਪ੍ਰੰਤੂ ਚਾਪਲੂਸ ਕਿਸਮ ਦੇ ਲੋਕਾਂ ਨੇ ਚਾਪਲੂਸੀ ਦੀ ਹਦ ਹੀ ਕਰ ਦਿਤੀ ਹੈ ਅਤੇ ਆਖ਼ਰਕਾਰ ਸ: ਜੋਗਿੰਦਰ ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਬਾਰੇ ਲਿਖਿਆ ‘ਇਕ ਇਕ ਅੱਖਰ ਸੱਚ ਸਾਬਤ ਹੋ ਰਿਹਾ ਹੈ।’
ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਸੂਬੇ ਵਿਚ ਅਕਾਲੀ ਦਲ ਦਾ ਵੋਟ ਸ਼ੇਅਰ 40 ਫ਼ੀ ਸਦੀ ਸੀ ਜੋ ਅੱਜ ਘੱਟ ਕੇ 14 ਫ਼ੀ ਸਦੀ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਦੌਰਾਨ ਹਰ ਚੋਣ ਮਗਰੋਂ ਸੂਬੇ ਵਿਚ ਅਕਾਲੀ ਦਲ ਸਰਕਾਰ ਬਣਾਉਂਦਾ ਸੀ ਜਾਂ ਫਿਰ ਵਿਧਾਨ ਸਭਾ ਵਿਚ ਮਜ਼ਬੂਤ ਵਿਰੋਧੀ ਧਿਰ ਵਜੋਂ ਉਭਰਦਾ ਸੀ ਪਰ ਇਨ੍ਹਾਂ ਚਾਪਲੂਸ ਲੋਕਾਂ ਦੀ ਬਦੌਲਤ ਵਿਧਾਨ ਸਭਾ ਵਿਚ ਅਕਾਲੀ ਦਲ ਤਿੰਨ ਸੀਟਾਂ ਤਕ ਸਿਮਟ ਕੇ ਰਹਿ ਗਿਆ ਹੈ ਅਤੇ ਲੋਕ ਸਭਾ ਚੋਣਾਂ ਵਿਚ 7-8 ਸੀਟਾਂ ਤੇ ਜਿੱਤ ਪ੍ਰਾਪਤ ਕਰਨ ਵਾਲੀ ਸ਼ਹੀਦਾਂ ਦੀ ਜਥੇਬੰਦੀ ਇਸ ਵਾਰ ਇਕ ਸੀਟ ਮਸਾਂ ਜਿੱਤ ਸਕੀ ਹੈ। ਇਹ ਵੀ ਸ਼ਰਮਨਾਕ ਹੈ ਕਿ ਬਾਦਲ ਦਲ ਵਲੋਂ ਚੋਣ ਮੈਦਾਨ ਵਿਚ ਉਤਾਰੇ ਗਏ 13 ਉਮੀਦਵਾਰਾਂ ਵਿਚੋਂ 10 ਤਾਂ ਜ਼ਮਾਨਤਾਂ ਵੀ ਨਹੀਂ ਬਚਾ ਸਕੇ। ਸੁਖਬੀਰ ਬਾਦਲ ਦੇ ਪ੍ਰਸ਼ੰਸਕ ਦਸਣਗੇ ਕਿ ਕੀ ਇਹੋ ਪ੍ਰਾਪਤੀ ਹੈ ਸੁਖਬੀਰ ਬਾਦਲ ਦੀ? ਜਿਨ੍ਹਾਂ ਨੇ ਏਨੀ ਵੱਡੀ ਜਥੇਬੰਦੀ ਨੂੰ ਇਕ ਪ੍ਰਵਾਰ ਦੀ ਮਲਕੀਅਤ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਤੋਂ ਵੀ ਅਫ਼ਸੋਸਨਾਕ ਇਹ ਕਿ ਲੋਕ ਸਭਾ ਚੋਣ ਦੌਰਾਨ ਐਨ ਡੀ ਏ ਅਤੇ ਨਾ ਹੀ ‘ਇੰਡੀਆ ਗਠਜੋੜ’ ਦੋਹਾਂ ਵਿਚੋਂ ਕਿਸੇ ਨੇ ਵੀ ਬਾਦਲ ਦਲ ਦੀ ਹਮਾਇਤ ਲੈਣ ਦੀ ਲੋੜ ਨਹੀਂ ਮਹਿਸੂਸ ਕੀਤੀ। ਜਥੇ : ਥਾਬਲ ਨੇ ਕਿਹਾ ਹੋਰ ਤਾਂ ਹੋਰ ਬਹੁਜਨ ਸਮਾਜ ਪਾਰਟੀ ਵੀ ਅਕਾਲੀ ਦਲ ਦਾ ਸਾਥ ਛੱਡ ਗਈ।
ਉਨ੍ਹਾਂ ਕਿਹਾ ਕਿ ਰੋਜ਼ਾਨਾ ਸਪੋਕਸਮੈਨ ਹਮੇਸ਼ਾ ਇਹੋ ਕਹਿੰਦਾ ਆ ਰਿਹਾ ਹੈ ਕਿ ਬਾਦਲ ਪ੍ਰਵਾਰ ਤੋਂ ਆਜ਼ਾਦ ਕਰਵਾਏ ਬਗ਼ੈਰ ਪੰਥਕ ਏਕਤਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਵਜੂਦ ਕਾਇਮ ਰਹਿਣਾ ਮੁਸ਼ਕਲ ਅਤੇ ਖ਼ਤਰੇ ਵਿਚ ਹੈ। ਇਹ ਅੱਜ ਵੀ ਸੱਚ ਹੈ ਤੇ ਕਲ ਵੀ ਆਖ਼ਰਕਾਰ ਸੁਖਬੀਰ ਬਾਦਲ ਤੇ ਉਸ ਦੇ ਹਮਦਰਦਾਂ ਨੂੰ ਸਵੀਕਾਰਨਾ ਹੀ ਪਵੇਗਾ। ਇਸ ਮੌਕੇ ਘੱਟ ਗਿਣਤੀ ਅਤੇ ਦਲਿਤ ਫ਼ਰੰਟ ਦੇ ਕੌਮੀ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਵੀ ਮੌਜੂਦ ਸਨ।