ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਪੰਜਾਬ ਦੇ ਉਦਯੋਗਿਕ ਨਿਵੇਸ਼ ਨੂੰ ਵੱਡਾ ਹੁਲਾਰਾ ਮਿਲਿਆ ਹੈ...........
ਚੰਡੀਗੜ੍ਹ : ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਪੰਜਾਬ ਦੇ ਉਦਯੋਗਿਕ ਨਿਵੇਸ਼ ਨੂੰ ਵੱਡਾ ਹੁਲਾਰਾ ਮਿਲਿਆ ਹੈ। ਸਾਲ 2017-18 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਪ੍ਰਾਜੈਕਟ ਪ੍ਰਸਤਾਵਾਂ ਵਿੱਚ 50 ਫੀਸਦੀ ਜਦਕਿ ਅਸਲ ਨਿਵੇਸ਼ ਪੱਖੋਂ ਮਾਸਿਕ ਔਸਤਨ 125 ਫੀਸਦੀ ਦਾ ਵਾਧਾ ਹੋਇਆ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨਵੀਂ ਉਦਯੋਗਿਕ ਨੀਤੀ ਲਾਗੂ ਕਰਕੇ ਸਿਰਜੇ ਸੁਖਾਵੇਂ ਸਨਅਤੀ ਮਾਹੌਲ ਸਦਕਾ ਇਹ ਵੱਡਾ ਵਾਧਾ ਸੰਭਵ ਹੋਇਆ ਹੈ।
ਬੁਲਾਰੇ ਨੇ ਦੱਸਿਆ ਕਿ ਪੰਜਾਬ ਬਿਊਰੋ ਆਫ ਇੰਡਸਰੀਅਲ ਪ੍ਰਮੋਸ਼ਨ (ਪੀ.ਬੀ.ਆਈ.ਪੀ.) ਨੇ ਇਕ ਅਪ੍ਰੈਲ, 2017 ਤੋਂ 30 ਜੂਨ, 2018 ਤੱਕ 8644 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਲਈ 161 ਪ੍ਰਾਜੈਕਟ ਤਜਵੀਜ਼ਾਂ ਪ੍ਰਾਪਤ ਕੀਤੀਆਂ ਹਨ। ਸਾਲ 2018-19 ਦੀ ਪਹਿਲੀ ਤਿਮਾਹੀ ਵਿੱਚ ਹੀ 3112 ਕਰੋੜ ਰੁਪਏ ਦੇ ਨਿਵੇਸ਼ ਵਾਲੇ 45 ਪ੍ਰਸਤਾਵ ਹਾਸਲ ਕੀਤੇ ਹਨ। ਅਪ੍ਰੈਲ, 2017 ਤੋਂ ਲੈ ਕੇ ਮੈਨੂਫੈਕਚਰਿੰਗ ਸੈਕਟਰ ਤੋਂ ਸਭ ਤੋਂ ਵੱਧ 61 ਪ੍ਰਸਤਾਵਿਤ ਪ੍ਰਾਜੈਕਟ (2946 ਕਰੋੜ ਰੁਪਏ ਦੀ ਲਾਗਤ) ਹਾਸਲ ਹੋਏ। ਇਸੇ ਤਰ੍ਹਾਂ ਖੇਤੀ ਅਤੇ ਫੂਡ ਪ੍ਰੋਸੈਸਿੰਗ ਸੈਕਟਰ ਵਿੱਚ 1977 ਕਰੋੜ ਦੀ ਲਾਗਤ ਵਾਲੇ 37 ਪ੍ਰਾਜੈਕਟ,
ਸੈਰ ਸਪਾਟੇ ਦੇ ਸੈਕਟਰ ਵਿੱਚ 916 ਕਰੋੜ ਰੁਪਏ ਦੀ ਲਾਗਤ ਵਾਲੇ 23 ਪ੍ਰਾਜੈਕਟ, ਬੁਨਿਆਦੀ ਢਾਂਚੇ ਵਿੱਚ 738 ਕਰੋੜ ਰੁਪਏ ਦੀ ਲਾਗਤ ਵਾਲੇ 12, ਸਿੱਖਿਆ ਖੇਤਰ ਵਿੱਚ 156 ਕਰੋੜ ਰੁਪਏ ਦੀ ਲਾਗਤ ਵਾਲੇ 9 ਪ੍ਰਾਜੈਕਟ, ਆਈ.ਟੀ./ਆਈ.ਟੀ.ਈ.ਐਸ. ਅਤੇ ਈ.ਐਸ.ਡੀ.ਐਮ. ਸੈਕਟਰ ਵਿੱਚ 150 ਕਰੋੜ ਰੁਪਏ ਦੀ ਲਾਗਤ ਵਾਲੇ 7 ਪ੍ਰਾਜੈਕਟ, ਸਿਹਤ ਤੇ ਜੀਵ ਵਿਗਿਆਨ ਵਿੱਚ ਇਕ ਕਰੋੜ ਦੀ ਲਾਗਤ ਵਾਲਾ ਇਕ ਪ੍ਰਾਜੈਕਟ ਅਤੇ ਬਾਕੀ ਖੇਤਰਾਂ ਵਿੱਚ 59 ਕਰੋੜ ਰੁਪਏ ਦੇ 4 ਪ੍ਰਾਜੈਕਟ ਸ਼ਾਮਲ ਹਨ।