
ਪੰਜਾਬ ਖੇਤੀਬਾੜੀ ਵਿਕਾਸ ਬੈਂਕ (ਪੀਏਡੀਬੀ) ਸੂਬੇ ਵਿਚ ਕਿਸਾਨਾਂ ਨੂੰ ਕਰਜ਼ੇ ਦਿੰਦਾ ਹੋਇਆ ਇਕ ਤਰਾਂ ਨਾਲ ਆਪ ਕਰਜ਼ਦਾਰ ਹੋ ਗਿਆ ਹੈ। ਪਿਛਲੇ ਕਰੀਬ 10 ਸਾਲਾਂ ....
ਚੰਡੀਗੜ੍ਹ, ਪੰਜਾਬ ਖੇਤੀਬਾੜੀ ਵਿਕਾਸ ਬੈਂਕ (ਪੀਏਡੀਬੀ) ਸੂਬੇ ਵਿਚ ਕਿਸਾਨਾਂ ਨੂੰ ਕਰਜ਼ੇ ਦਿੰਦਾ ਹੋਇਆ ਇਕ ਤਰਾਂ ਨਾਲ ਆਪ ਕਰਜ਼ਦਾਰ ਹੋ ਗਿਆ ਹੈ। ਪਿਛਲੇ ਕਰੀਬ 10 ਸਾਲਾਂ ਤੋਂ ਲਗਾਤਾਰ ਕਰਜ਼ੇ ਨਾ ਮੋੜੇ ਜਾ ਰਹੇ ਹੋਣ ਸਦਕਾ ਹੁਣ ਇਨ੍ਹ੍ਹਾਂ ਦੀ ਭਰਪਾਈ ਲਈ ਸਰਕਾਰ ਗੰਭੀਰ ਹੋ ਗਈ ਹੈ। ਜਲਦ ਹੀ ਪ੍ਰਚਲਿਤ ਸਰਕਾਰੀ ਅਤੇ ਗ਼ੈਰ ਸਰਕਾਰੀ ਬੈਂਕਿੰਗ ਪ੍ਰਣਾਲੀ ਅਪਣਾਉਂਦੇ ਹੋਏ ਕਰਜ਼ਿਆਂ ਦੇ ਯਕਮੁਸ਼ਤ ਨਬੇੜੇ ਲਈ 'ਵਨ ਟਾਈਮ ਸੈਟਲਮੈਂਟ' ਸਕੀਮ ਲਿਆਂਦੀ ਜਾ ਰਹੀ ਹੈ।
ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫਤਰ 'ਚ 'ਰੋਜ਼ਾਨਾ ਸਪੋਕਸਮੈਨ' ਨਾਲ ਗੱਲ ਕਰਦੇ ਹੋਏ ਇਹ ਪ੍ਰਗਟਾਵਾ ਕੀਤਾ ਹੈ। ਇਕ ਸੁਆਲ ਦੇ ਜੁਆਬ 'ਚ Àਨ੍ਹਾਂ ਦਸਿਆ ਕਿ ਪੀਏਡੀਬੀ ਦਾ ਪੰਜਾਬ ਦੇ 71 ਹਜ਼ਾਰ 342 ਕਿਸਾਨਾਂ ਵੱਲ 1363 ਕਰੋੜ ਰੁਪਿਆ ਖੜਾ ਹੈ।
ਪਿਛਲੇ ਕਰੀਬ 10 ਸਾਲਾਂ, ਖਾਸਕਰ ਅਕਾਲੀ-ਭਾਜਪਾ ਸਰਕਾਰਾਂ ਸਮੇ ਤੋਂ ਇਹ ਕਰਜ਼ੇ ਨਾ ਮੋੜਨ ਦਾ ਰੁਝਾਨ ਹੀ ਬਣ ਗਿਆ ਹੈ। ਬੈਂਕ ਵਲੋਂ ਇਨ੍ਹਾਂ ਸਾਰੇ 71, 342 ਕਰਜਦਾਰਾਂ ਨੂੰ ਡਿਫਾਲਟਰ ਕਰਾਰ ਦੇ ਦਿੱਤਾ ਗਿਆ ਹੈ ਅਤੇ ਬੈਂਕ ਦਾ ਪੈਸਾ ਮੁੜਵਾਉਂਣ ਲਈ ਹਰ ਸੰਭਵ ਚਾਰਾਜੋਈ ਕੀਤੀ ਜਾ ਰਹੀ ਹੈ ਜਿਸ ਤਹਿਤ ਸਭ ਤੋਂ ਪਹਿਲੀ ਤਰਜੀਹ ਯਕਮੁਸ਼ਤ ਨਬੇੜੇ ਦੀ ਹੈ। ਉਨ੍ਹਾਂ ਦਸਿਆ ਕਿ ਇਸ ਬਾਰੇ ਵਿਚਾਰ ਵਟਾਂਦਰਾ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਜਲਦ ਹੀ ਇਕ ਕਾਰਗਾਰ ਸਕੀਮ ਕਰਜ਼ਦਾਰਾਂ ਸਾਹਮਣੇ ਰੱਖੀ ਜਾਵੇਗੀ। ਇਸ ਸਬੰਧ ਵਿਚ ਪਹਿਲਾ ਨਿਸ਼ਾਨਾ 10 ਲੱਖ ਤੋਂ ਵੱਧ ਕਰਜ਼ੇ ਲੈ ਕੇ ਨਾ ਮੋੜਨ ਵਾਲੇ ਕਿਸਾਨ ਹਨ।
ਰੰਧਾਵਾ ਨੇ ਸਪਸ਼ਟ ਕਿਹਾ ਕਿ ਕਿਸੇ ਕਰਜ਼ਈ ਕਿਸਾਨ ਦੀ ਜ਼ਮੀਨ ਕੁਰਕੀ ਜਾਂ ਹੋਰ ਸਖ਼ਤ ਕਾਰਵਾਈ ਨਾਲੋਂ 'ਵਨ ਟਾਈਮ ਸੈਟਲਮੈਂਟ' ਨੂੰ ਤਰਜੀਹ ਦਿਤੀ ਜਾ ਰਹੀ ਹੈ। ਇਸ ਬਾਰੇ ਬਾਕਾਇਦਾ ਬੈਂਕ ਦੀ ਵੈਬਸਾਈਟ ਉਤੇ ਵੀ 'ਵਨ ਟਾਈਮ ਸੈਟਲਮੈਂਟ'- ਓਟੀਐਸ ਵਜੋਂ ਆਪਸ਼ਨ ਮੁਹਈਆ ਕਰਵਾਉਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਅਪਣੇ ਸਿਰ ਖੜੇ ਬੇਮੋੜੇ ਕਰਜ਼ੇ ਦਾ ਨਬੇੜਾ ਕਰਨ ਲਈ ਕੋਈ ਵੀ ਕਰਜ਼ਦਾਰ ਕਿਸਾਨ ਖੁਦ ਵੀ ਪਹਿਲ ਕਰ ਸਕੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਕਰਜ਼ਿਆਂ ਦੀ ਭਰਪਾਈ ਲਈ ਕੀਤੀ ਸਖ਼ਤੀ ਸਦਕਾ ਹੀ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਸਣੇ ਕਈ ਹੋਰਨਾਂ ਰਸੁਖਵਾਨ ਵਿਅਕਤੀਆਂ ਨੇ ਕਰਜ਼ੇ ਮੋੜਨੇ ਸ਼ੁਰੂ ਕੀਤੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਬੈਂਕਾਂ ਦਾ ਪੈਸਾ ਨੱਪੀ ਬੈਠੇ ਵਡੇ ਮਗਰਮੱਛਾਂ ਨੂੰ ਉਹ ਹਰਗਿਜ ਬਖਸ਼ਣ ਦੇ ਰੌਂਅ ਵਿਚ ਨਹੀਂ ਹਨ।