
ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਕੀਤੀ ਆਤਮ ਹਤਿਆ ਦਾ ਮਾਮਲਾ, ਯੂ.ਪੀ.(ਏ) ਦਾ ਕਾਲਾ ਕਾਨੂੰਨ ਪੰਜਾਬ ਦੇ ਸਿੱਖ ਨੌਜਵਾਨਾਂ ਲਈ ਖ਼ਤਰੇ ਦੀ ਘੰਟੀ: ਸੁਖਪਾਲ ਖਹਿਰਾ
ਸੰਗਰੂਰ, 20 ਜੁਲਾਈ (ਬਲਵਿੰਦਰ ਸਿੰਘ ਭੁੱਲਰ): ਲਵਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਥਾਣਾ ਲਹਿਰਾ, ਵਾਸੀ ਰੱਤਾਖੇੜਾ ਜ਼ਿਲ੍ਹਾ ਸੰਗਰੂਰ ਵਲੋਂ ਬੀਤੇ ਦਿਨੀ ਮੋਹਾਲੀ ਜ਼ਿਲ੍ਹੇ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਆਤਮ ਹਤਿਆ ਕਰਨ ਬਾਰੇ ਅਤੇ ਇਸ ਦੇ ਪਿੱਛੇ ਕੀ ਕਾਰਨ ਸਨ ਬਾਰੇ ਵਿਸਥਾਰਪੂਰਵਕ ਪੜਤਾਲ ਕਰਵਾਉੇਣ ਸਬੰਧੀ ਇਕ ਮੰਗ ਪੱਤਰ ਵਿਧਾਨ ਸਭਾ ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਉਤੇ ਵਿਧਾਇਕ ਚੁਣੇ ਗਏ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਐਸ ਐਸ ਪੀ ਸੰਗਰੂਰ ਸੰਦੀਪ ਗਰਗ ਨੂੰ ਦਿਤਾ ਗਿਆ।
ਮੰਗ ਪੱਤਰ ਸੌਂਪਣ ਤੋਂ ਬਾਅਦ ਪੁਲਿਸ ਲਾਈਨ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਖਹਿਰਾ ਨੇ ਕਿਹਾ ਕਿ ਲਵਪ੍ਰੀਤ ਸਿੰਘ ਪਿੰਡ ਰੱਤਾਖੇੜਾ ਜ਼ਿਲ੍ਹਾ ਸੰਗਰੂਰ ਦੇ ਦਲਿਤ ਪ੍ਰਵਾਰ ਦਾ ਨੌਜਵਾਨ ਪੁੱਤਰ ਸੀ ਪਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਸਹਿਜੜਾ ਵਿਖੇ ਗੁਰਦੁਆਰਾ ਸਾਹਿਬ ਵਿਚ ਬਤੌਰ ਗ੍ਰੰਥੀ ਸੇਵਾ ਕਰ ਰਿਹਾ ਸੀ।
ਸ.ਖਹਿਰਾ ਨੇ ਦਸਿਆ ਕਿ ਇਸ ਨੌਜਵਾਨ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵਲੋਂ ਮੋਹਾਲੀ ਦੇ ਸੈਕਟਰ 51 ਦੀ ਮਾਡਲ ਜੇਲ ਵਿਚ ਇਕ ਕੇਸ ਸਬੰਧੀ ਪੁਛਗਿਛ ਲਈ ਜਾਂਚ ਵਿਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਸੀ। ਲਵਪ੍ਰੀਤ ਸਿੰਘ ਦੀ ਮੌਤ ਬਾਰੇ ਉਸ ਦੇ ਭਰਾ ਜਸਪਾਲ ਸਿੰਘ ਨੇ ਦਸਿਆ ਕਿ ਥਾਣਾ ਲਹਿਰਾ ਦੀ ਪੁਲਿਸ ਸਾਡੇ ਘਰ ਆ ਕੇ ਸੁਨੇਹਾ ਦੇ ਕੇ ਗਈ ਸੀ। ਉਸ ਤੋਂ ਬਾਅਦ ਲਵਪ੍ਰੀਤ ਘਰੋਂ ਇਹ ਕਹਿ ਕੇ ਚਲਾ ਗਿਆ ਕਿ ਉਹ ਗੁਰੁ ਘਰ ਡਿਊਟੀ ਉਤੇ ਚਲਿਆ ਹੈ। ਲਵਪ੍ਰੀਤ ਸਿੰਘ ਨੇ ਸੁਨੇਹੇ ਮੁਤਾਬਕ 13 ਜੁਲਾਈ ਨੂੰ ਸਵੇਰੇ 10 ਵਜੇ ਮਾਡਲ ਜੇਲ ਮੋਹਾਲੀ ਸੈਕਟਰ 51 ਵਿਖੇ ਪਹੁੰਚਣਾ ਸੀ
File Photo
ਪਰ ਉਹ ਉੱਥੇ ਪਹੁੰਚਿਆ ਜਾਂ ਨਹੀਂ ਇਸ ਬਾਰ ਪਤਾ ਨਹੀਂ ਚਲਿਆ ਪਰ 14 ਜੁਲਾਈ ਨੂੰ 6.30 ਵਜੇ ਸ਼ਾਮ ਤੋਂ ਬਾਅਦ ਉਸ ਦਾ ਫ਼ੋਨ ਬੰਦ ਹੋ ਗਿਆ। ਉਨ੍ਹਾਂ ਇਹ ਵੀ ਦਸਿਆ ਕਿ ਉਸ ਦੀ ਲਾਸ਼ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਮਿਲੀ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਸ ਵਲੋਂ ਆਤਮ ਹਤਿਆ ਕਰ ਲਈ ਗਈ ਹੈ।
ਜਸਪਾਲ ਸਿੰਘ ਨੇ ਦਸਿਆ ਕਿ ਆਤਮ ਹਤਿਆ ਤੋਂ ਪਹਿਲਾਂ ਲਵਪ੍ਰੀਤ ਸਿੰਘ ਨੇ ਇਕ ਸੁਸਾਈਡ ਨੋਟ ਵੀ ਲਿਖਿਆ ਸੀ ਜਿਸ ਵਿਚ ਜ਼ਿਕਰ ਸੀ ਕਿ ਉਹ ਅਪਣੀ ਮੌਤ ਲਈ ਖ਼ੁਦ ਜ਼ਿੰਮੇਵਾਰ ਹੈ। ਪ੍ਰਵਾਰ ਵਲੋਂ ਇਹ ਵੀ ਦਸਿਆ ਗਿਆ ਕਿ ਸਸਕਾਰ ਤੋਂ ਪਹਿਲਾਂ ਲਵਪ੍ਰੀਤ ਸਿੰਘ ਨੂੰ ਨੁਹਾਉਣ ਸਮੇਂ ਵੇਖਿਆਂ ਗਿਆ ਕਿ ਉਸ ਦੇ ਗੁਪਤ ਅੰਗਾਂ ਉਤੇ ਨੀਲ ਦੇ ਨਿਸ਼ਾਨ ਸਨ ਜਿਸ ਤੋਂ ਪਤਾ ਚਲਦਾ ਹੈ ਕਿ ਉਸ ਨੂੰ ਟਾਰਚਰ ਵੀ ਕੀਤਾ ਗਿਆ ਹੈ।
ਆਖਰ ਵਿਚ ਸੁਖਪਾਲ ਸਿੰਘ ਖਹਿਰਾ ਨੇ ਇਹ ਵੀ ਦਸਿਆ ਕਿ ਕੇਂਦਰ ਸਰਕਾਰ ਦੇ ਅਧੀਨ ਕੰਮ ਕਰ ਰਹੀ ਐਨ.ਆਈ.ਏ. ਸਮੁੱਚੀ ਸਿੱਖ ਕੌਮ ਨੂੰ ਅਤਿਵਾਦੀ ਐਲਾਨ ਦੇ ਰਾਹ ਪੈ ਚੁੱਕੀ ਹੈ ਜੋ ਕਿ ਬਹੁਤ ਹੀ ਘਾਤਕ ਅਤੇ ਖ਼ਤਰਨਾਕ ਰੁਝਾਨ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਕਾਲਾ ਕਾਨੂੰਨ ਯੂ.ਪੀ.(ਏ) ਬਹੁਤ ਮਾਰੂ ਕਾਨੂੰਨ ਹੈ ਜਿਸ ਤਹਿਤ ਕਿਸੇ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਅਤੇ ਅਤਿਵਾਦੀ ਐਲਾਨਿਆਂ ਜਾ ਸਕਦਾ ਹੈ। ਉਸ ਮੌਕੇ ਜਗਦੇਵ ਸਿੰਘ ਕਮਾਲੂ ਐਮ.ਐਲ.ਏ. ਮੌੜ, ਜਬਰਜੰਗ ਸਿੰਘ ਰੱਤਾਖੇੜਾ, ਸਰਪੰਚ ਕੁਲਵਿੰਦਰ ਕੌਰ ਦੇ ਪਤੀ ਬਲਿਹਾਰ ਸਿੰਘ ਵੀ ਹਾਜ਼ਰ ਸਨ।