
ਪੇਗਾਸਸ ਜਾਸੂਸੀ ਮਾਮਲੇ 'ਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਕਾਰਵਾਈ ਪੂਰੇ ਦਿਨ ਲਈ ਉਠੀ
ਸਦਨ 'ਚ ਗੂੰਜੇ ਨਾਹਰੇ 'ਲੋਕ ਬੇਰੋਜ਼ਗਾਰੀ ਤੋਂ ਪ੍ਰੇਸ਼ਾਨ ਹਨ ਤੇ ਸਰਕਾਰ ਜਾਸੂਸੀ 'ਚ ਲੱਗੀ ਹੈ'
ਨਵੀਂ ਦਿੱਲੀ, 20 ਜੁਲਾਈ : ਲੋਕ ਸਭਾ 'ਚ ਮੰਗਲਵਾਰ ਨੂੰ ਮਹਿੰਗਾਈ ਅਤੇ ਪੇਗਾਸਸ ਜਾਸੂਸੀ ਮਾਮਲਾ ਛਾਇਆ ਰਿਹਾ ਅਤੇ ਇਨ੍ਹਾਂ ਮੁੱਦਿਆਂ 'ਤੇ ਕਾਂਗਰਸ ਸਮੇਤ ਕੁੱਝ ਵਿਰੋਧੀ ਧਿਰਾਂ ਦੇ ਮੈਂਬਰਾਂ ਦੇ ਭਾਰੀ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦੋ ਵਾਰ ਮੁਲਤਵੀ ਹੋਣ ਦੇ ਬਾਅਦ ਪੂਰੇ ਦਿਨ ਲਈ ਉਠਾ ਦਿਤੀ ਗਈ | ਦੋ ਵਾਰ ਮੁਲਤਵੀ ਹੋਣ ਦੇ ਬਾਅਦ ਦੁਪਿਹਰ 3 ਵਜੇ ਬੈਠਕ ਸ਼ੁਰੂ ਹੋਣ 'ਤੇ ਵਿਰੋਧੀ ਧਿਰਾਂ ਨੇ ਪੇਗਾਸਸ ਜਾਸੂਸੀ ਮਾਮਲੇ ਨੂੰ ਚੁਕਦੇ ਹੋਏ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ ਜਿਸ ਦੇ ਬਾਅਦ ਬੈਠਕ ਪੂਰੇ ਦਿਨ ਲਈ ਉਠਾ ਦਿਤੀ ਗਈ | ਬੁਧਵਾਰ ਨੂੰ ਈਦ ਦੀ ਛੁੱਟੀ ਹੋਣ ਕਾਰਨ ਸਦਨ ਦੀ ਅਗਲੀ ਬੈਠਕ ਹੁਣ ਵੀਰਵਾਰ 22 ਜੁਲਾਈ ਨੂੰ ਹੋਵੇਗੀ |
ਵਿਰੋਧੀ ਧਿਰ ਸੰਸਦ ਦੇ ਮਾਨਸੂਨ ਸੈਸ਼ਨ 'ਚ ਸਰਕਾਰ ਨੂੰ ਤਿੰਨ ਕੇਂਦਰੀ ਖੇਤੀ ਕਾਨੂੰਨਾਂ, ਪੇਗਾਸਸ ਜਾਸੂਸੀ ਮਾਮਲਾ ਅਤੇ ਮਹਿੰਗਾਈ ਸਮੇਤ ਵੱਖ ਵੱਖ ਮਾਮਲਿਆਂ 'ਤੇ ਘੇਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ | ਵਿਰੋਧੀ ਧਿਰ ਦੇ ਹੰਗਾਮੇ ਕਾਰਨ ਮਾਨਸੂਨ ਸੈਸ਼ਨ 'ਚ ਹੇਠਲੇ ਸਦਨ 'ਚ ਲਗਾਤਾਰ ਦੂਜੇ ਦਿਨ ਕੰਮਕਾਜ ਨਹੀਂ ਹੋ ਸਕਿਆ | ਸਵੇਰੇ 11 ਵਜੇ ਸਦਨ ਦੀ ਬੈਠਕ ਸ਼ੁਰੂ ਹੋਣ 'ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਪ੍ਰਸ਼ਨਕਾਲ ਸ਼ੁਰੂ ਕਰਵਾਇਆ ਉਦੋਂ ਕਾਂਗਰਸ, ਟੀਐਮਸੀ ਸਮੇਤ ਕੁੱਝ ਹੋਰ ਵਿਰੋਧੀ ਧਿਰਾਂ ਨੇ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ | ਇਸ ਦੌਰਾਨ ਕੁੱਝ ਵਿਰੋਧੀ ਮੈਂਬਰ ਹੱਥਾਂ ਵਿਚ ਤਖ਼ਤੀਆਂ ਲੈ ਕੇ ਸਪੀਕਰ ਦੇ ਕੋਲ ਆ ਗਏ ਅਤੇ ਨਾਹਰੇਬਾਜ਼ੀ ਕਰਨ ਲੱਗੇ | ਤਖ਼ਤੀਆ 'ਤੇ ਲਿਖਿਆ ਸੀ ''ਲੋਕ ਬੇਰੋਜ਼ਗਾਰੀ ਤੋਂ ਪ੍ਰੇਸ਼ਾਨ ਹਨ ਅਤੇ ਸਰਕਾਰ ਜਾਸੂਸੀ 'ਚ ਲੱਗੀ ਹੈ |'' ਹੰਗਾਮੇ ਦੌਰਾਨ ਹੀ ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਭਾਜਪਾ ਮੈਂਬਰ ਜਸਕੌਰ ਮੀਣਾ ਦੇ ਸਵਾਲ ਦਾ ਜਵਾਬ ਦਿਤਾ |
ਸਪੀਕਰ ਨੇ ਪ੍ਰਦਰਸ਼ਨ ਕਰ ਰਹੇ ਮੈਂਬਰਾਂ ਤੋਂ ਕਿਹਾ ਕਿ ਸਦਨ 'ਚ ਤਖ਼ਤੀਆਂ ਲਿਆਉਣਾ ਨਿਯਮਾਂ ਵਿਰੁਧ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਕਲ ਕਿਹਾ
ਸੀ ਕਿ ਉਹ ਹਰ ਮੁੱਦੇ 'ਤੇ ਜਵਾਬ ਦੇਣ ਲਈ ਤਿਆਰ ਹੈ | ਸਪੀਕਰ ਨੇ ਕਿਹਾ ਕਿ ਤੁਸੀਂ ਜਿਸ ਮੁੱਦੇ 'ਤੇ ਚਰਚਾ ਕਰਨਾ ਚਾਹੁੰਦੇ ਹੋ, ਪਹਿਲਾਂ ਉਸ ਲਈ ਨੋਟਿਸ ਦਿਉ | ਹਾਲਾਂਕਿ ਵਿਰੋਧੀ ਧਿਰਾਂ ਦਾ ਹੰਗਾਮਾ ਜਾਰੀ ਰਿਹਾ ਅਤੇ ਸਪੀਕਰ ਨੇ 11 ਵਜੇ ਬੈਠਕ ਨੂੰ ਦੁਪਿਹਰ ਦੋ ਵਜੇ ਤਕ ਲਈ ਮੁਲਤਵੀ ਕਰ ਦਿਤਾ | ਬੈਠਕ ਮੁੜ ਸ਼ੁਰੂ ਹੋਣ ਦੇ ਬਾਅਦ ਵੀ ਵਿਰੋਧੀ ਧਿਰਾਂ ਦਾ ਹੰਗਮਾ ਸ਼ਾਂਤ ਨਹੀਂ ਹੋਇਆ | ਇਸ ਹੰਗਾਮੇ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੌਜੂਦਾ ਵਿੱਤੀ ਵਰ੍ਹੇ 'ਚ 23,674.1 ਕਰੋੜ ਰੁਪਏ ਦੇ ਵਾਧੂ ਖ਼ਰਚੇ ਲਈ ਸਦਨ ਦੀ ਮਨਜ਼ੂਰੀ ਮੰਗੀ | ਹੰਗਾਮਾ ਦੇ ਲਗਾਤਾਰ ਜਾਰੀ ਰਹਿਣ ਦੇ ਬਾਅਦ ਸੰਸਦ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ ਗਈ | (ਏਜੰਸੀ)