
ਬੈਡਮਿੰਟਨ ਖੇਡਣ ਵਾਲੇ ਰੈਕੇਟ ਨੂੰ ਤੋੜ ਕੇ ਉਸ ਦਾ ਬਣਾਇਆ ਤੇਜ਼ਧਾਰ ਹਥਿਆਰ
Firozpur News : ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਤੋਂ ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਆਏ ਇੱਕ ਹਵਾਲਾਤੀ ਨੇ ਚੱਕੀਆਂ ਵਿੱਚ ਸ਼ਿਫਟ ਕਰਨ ਸਮੇਂ ਹੈੱਡ ਵਾਰਡਨ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਗੰਭੀਰ ਜ਼ਖ਼ਮੀ ਹੈੱਡ ਵਾਰਡਨ ਯਾਦਵਿੰਦਰ ਸ਼ਰਮਾ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਜਿੱਥੇ ਉਸ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ। ਹੈੱਡ ਵਾਰਡਨ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਆਰੋਪੀ ਦੀ ਪਛਾਣ ਸਾਜਨ ਨਾਇਰ ਪੁੱਤਰ ਵਿਜੇ ਕੁਮਾਰ ਵਾਸੀ ਇਸਲਾਮਾਬਾਦ, ਅੰਮ੍ਰਿਤਸਰ ਵਜੋਂ ਹੋਈ ਹੈ।
ਜੇਲ੍ਹ ਵਾਰਡਨ 'ਤੇ ਕੀਤਾ ਹਮਲਾ
ਫਿਰੋਜ਼ਪੁਰ ਜੇਲ੍ਹ ਦੇ ਸਹਾਇਕ ਜੇਲ੍ਹ ਸੁਪਰਡੈਂਟ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਆਰੋਪੀ ਸਾਜਨ ਨਾਇਰ ਨੂੰ ਅੱਜ ਬਾਅਦ ਦੁਪਹਿਰ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਤੋਂ ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਚੱਕੀ ਨੰਬਰ 5 ਵਿੱਚ ਸਿਫਟ ਕੀਤੇ ਜਾਣ ਦੌਰਾਨ ਆਰੋਪੀ ਨੇ ਹੈੱਡ ਵਾਰਡਨ ਯਾਦਵਿੰਦਰ ਸ਼ਰਮਾ ਨਾਲ ਬਦਸਲੂਕੀ ਕੀਤੀ।
ਕੈਦੀ ਨੇ ਉਸਦਾ ਗਲਾ ਫੜ ਲਿਆ ਅਤੇ ਉਸਦੀ ਵਰਦੀ ਵੀ ਪਾੜ ਦਿੱਤੀ। ਇਸ ਤੋਂ ਬਾਅਦ ਆਰੋਪੀ ਨੇ ਬੈਡਮਿੰਟਨ ਖੇਡਣ ਵਾਲੇ ਰੈਕੇਟ ਨੂੰ ਤੋੜ ਕੇ ਉਸਨੂੰ ਤੇਜ਼ਧਾਰ ਹਥਿਆਰ ਬਣਾ ਕੇ ਹਮਲਾ ਕਰ ਦਿੱਤਾ। ਜਿਸ ਕਾਰਨ ਹੈੱਡ ਵਾਰਡਨ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਣਾ ਪਿਆ। ਜਿੱਥੇ ਇਲਾਜ ਚੱਲ ਰਿਹਾ ਹੈ।
ਮੁਲਜ਼ਮ ਖ਼ਿਲਾਫ਼ ਕੇਸ ਦਰਜ
ਫ਼ਿਰੋਜ਼ਪੁਰ ਸਿਟੀ ਥਾਣੇ ਦੇ ਐਸਆਈ ਸਰਵਣ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।