
ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਪਾਕਿਸਤਾਨ ਦੇ ਫ਼ੌਜ ਮੁਖੀ ਨੂੰ ਲਗੇ ਲਗਾਉਣ ਨੂੰ ਲੈ ਕੇ...
ਚੰਡੀਗੜ੍ਹ : ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਪਾਕਿਸਤਾਨ ਦੇ ਫ਼ੌਜ ਮੁਖੀ ਨੂੰ ਲਗੇ ਲਗਾਉਣ ਨੂੰ ਲੈ ਕੇ ਚਾਰੇ ਪਾਸੇ ਤੋਂ ਜਿੱਥੇ ਨਵਜੋਤ ਸਿੱਧੂ ਦੀ ਭਾਰੀ ਆਲੋਚਨਾ ਹੋ ਰਹੀ ਹੈ, ਉਥੇ ਨਾਲ ਹੀ ਕੁੱਝ ਲੋਕ ਨਵਜੋਤ ਸਿੱਧੂ ਸਹੀ ਕਰਾਰ ਦੇ ਰਹੇ ਹਨ। ਫਿਲਹਾਲ ਇਹ ਮਾਮਲਾ ਨਵਜੋਤ ਸਿੱਧੂ ਦੇ ਗਲੇ ਦੀ ਹੱਡੀ ਬਣ ਚੁੱਕਿਆ ਹੈ।
Navjot Singh Sidhuਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪਾਕਿਸਤਾਨੀ ਫ਼ੌਜ ਦੇ ਮੁਖੀ ਨੂੰ ਗਲੇ ਲਗਾਉਣਾ ਇਕ ਭਾਵੁਕ ਪਲ ਸੀ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਨਾਲ ਕੋਈ ਹੱਥ ਮਿਲਾਉਣ ਲਈ ਕੋਈ ਸਾਹਮਣੇ ਖੜ੍ਹਾ ਹੋ ਜਾਵੇ ਅਤੇ ਪਿਆਰ ਸਤਿਕਾਰ ਨਾਲ ਤੁਹਾਡਾ ਮਾਣ ਸਤਿਕਾਰ ਕਰਨ ਲੱਗੇ ਜਾਵੇ ਤਾਂ ਉਸ ਵੱਲ ਪਿੱਠ ਕਰਕੇ ਤਾਂ ਨਹੀਂ ਕੰਮ ਚਲਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਮੈਂ ਉਹੀ ਕੀਤਾ ਜੋ ਮੈਨੂੰ ਸਿਸ਼ਟਾਚਾਰ ਨਾਤੇ ਕਰਨਾ ਚਾਹੀਦਾ ਸੀ।
Navjot Singh Sidhuਨਵਜੋਤ ਸਿੱਧੂ ਨੇ ਸਾਫ਼ ਕੀਤਾ ਕਿ ਉਨ੍ਹਾਂ ਦਾ ਦੌਰਾ ਕੋਈ ਸਿਆਸਤ ਤੋਂ ਪ੍ਰੇਰਿਤ ਨਹੀਂ ਸੀ। ਦਸ ਦਈਏ ਕਿ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਗਲੇ ਮਿਲਦੇ ਹੋਏ ਨਜ਼ਰ ਆਏ ਸਨ। ਸਿੱਧੂ ਨੇ ਦਸਿਆ ਕਿ ਪਾਕਿਸਤਾਨ ਦੇ ਫ਼ੌਜ ਮੁਖੀ ਨੇ ਕਿਹਾ ਕਿ ਉਹ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ 'ਤੇ ਵਿਚਾਰ ਕਰ ਰਹੇ ਸਨ।
Navjot Singh Sidhuਜੇਕਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਹ ਲਾਂਘਾ ਖੁੱਲ੍ਹਦਾ ਹੈ ਤਾਂ ਸਿੱਖਾਂ ਲਈ ਵੱਡੀ ਖ਼ੁਸ਼ੀ ਵਾਲੀ ਗੱਲ ਹੋਵੇਗੀ ਅਤੇ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੇ।ਇਸ ਤੋਂ ਪਹਿਲਾਂ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੀ ਇਸ ਹਰਕਤ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਸਿੱਧੂ ਦੀ ਇਸ ਹਰਕਤ ਦੇ ਪੱਖ ਵਿਚ ਨਹੀਂ ਹਨ। ਕੈਪਟਨ ਨੇ ਸਾਫ਼ ਕੀਤਾ ਕਿ ਸਿੱਧੂ ਦਾ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਦੇ ਫ਼ੈਸਲੇ ਨਾਲ ਪੰਜਾਬ ਸਰਕਾਰ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਕ੍ਰਿਕਟ ਤੋਂ ਸਿਆਸਤ ਵਿਚ ਆਏ ਸਿੱਧੂ ਨੇ ਆਪਣੀ ਮਰਜ਼ੀ ਨਾਲ ਪਾਕਿਸਤਾਨ ਗਏ ਸਨ।
Navjot Singh Sidhu hug with Pak Army chiefਦੂਜੇ ਪਾਸੇ ਸਿੱਧੂ ਨੇ ਕਿਹਾ ਕਿ ਕੈਪਟਨ ਸਾਬ੍ਹ ਸਮੇਤ ਕਾਂਗਰਸ ਦੇ ਕਈ ਆਗੂਆਂ ਨੇ ਇਸ ਮੁੱਦੇ 'ਤੇ ਅਪਣੇ ਵਿਚਾਰ ਰੱਖੇ ਹਨ। ਇਹ ਲੋਕਤੰਤਰ ਹੈ ਅਤੇ ਸਾਰਿਆਂ ਨੂੰ ਆਪਣੀ ਸਲਾਹ ਵਿਚਾਰ ਰੱਖਣ ਦਾ ਹੱਕ ਹੈ। ਦੂਜੇ ਪਾਸੇ ਭਾਜਪਾ ਨੇ ਸਿੱਧੂ ਦੇ ਪਾਕਿਸਤਾਨ ਦੌਰੇ ਖ਼ਾਸ ਕਰਕੇ ਪਾਕਿਸਤਾਨ ਫ਼ੌਜ ਦੇ ਮੁਖੀ ਨੂੰ ਗਲੇ ਲਗਾਉਣ ਨੂੰ ਸ਼ਰਮਨਾਕ ਕਰਾਰ ਦਿਤਾ ਹੈ। ਇਸ ਤੋਂ ਪਹਿਲਾਂ ਸਿੱਧੂ ਨੇ ਪਾਕਿਸਤਾਨ ਤੋਂ ਆਉਣ ਮਗਰੋਂ ਐਤਵਾਰ ਨੂੰ ਸਫ਼ਾਈ ਦਿੰਦਿਆਂ ਕਿਹਾ ਸੀ ਕਿ ਉਹ ਆਖ਼ਰ ਕੀ ਕਰਦੇ ਜਦੋਂ ਫ਼ੌਜ ਮੁਖੀ ਨੇ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਰਸਤੇ ਨੂੰ ਖੋਲ੍ਹਣ ਦੀ ਗੱਲ ਕੀਤੀ ਹੋਵੇ।