
ਕੋਰੋਨਾ ਵਾਇਰਸ ਦੇ ਮਾਮਲੇ 28 ਲੱਖ ਦੇ ਪਾਰ,69652 ਨਵੇਂ ਮਾਮਲੇ ਆਏ
ਨਵੀਂ ਦਿੱਲੀ, 20 ਅਗੱਸਤ : ਭਾਰਤ ਵਿਚ ਇਕ ਦਿਨ ਵਿਚ ਕੋਵਿਡ-19 ਦੇ ਸੱਭ ਤੋਂ ਵੱਧ 69,652 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਵੀਰਵਾਰ ਨੂੰ ਦੇਸ਼ ਵਿਚ ਪੀੜਤਾਂ ਦੀ ਕੁਲ ਗਿਣਤੀ 28 ਲੱਖ ਨੂੰ ਪਾਰ ਕਰ ਗਈ। ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ 2096664 ਮਰੀਜ਼ਾਂ ਦੇ ਸਿਹਤਯਾਬ ਹੋਣ ਮਗਰੋਂ ਦੇਸ਼ ਵਿਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਹੁਣ 73.91 ਫ਼ੀ ਸਦੀ ਹੋ ਗਈ ਹੈ। ਮੰਤਰਾਲੇ ਦੇ ਅੰਕੜਿਆਂ ਮੁਤਾਰਬਕ ਦੇਸ ਵਿਚ ਕੁਲ ਮਾਮਲਿਆਂ ਦੀ ਗਿਣਤੀ 2836925 ਹੋ ਗਈ ਹੈ। ਵਾਇਰਸ ਨਾਲ 977 ਹੋਰ ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਕੁਲ ਗਿਣਤੀ 53866 ਹੋ ਗਈ।
ਮ੍ਰਿਤਕ ਦਰ ਡਿੱਗ ਕੇ 1.90 ਫ਼ੀ ਸਦੀ ਹੋ ਗਈ ਹੈ। ਅੰਕੜਿਆਂ ਮੁਤਾਬਕ ਦੇਸ਼ ਵਿਚ ਹਾਲੇ 686395 ਮਰੀਜ਼ਾਂ ਦਾ ਇਲਾਜ ਜਾਰੀ ਹੈ ਜੋ ਕੁਲ ਮਾਮਲਿਆਂ ਦਾ 24.20 ਫ਼ੀ ਸਦੀ ਹੈ। ਭਾਰਤ ਵਿਚ ਸੱਤ ਅਗੱਸਤ ਨੂੰ ਕੁਲ ਮਾਮਲੇ 20 ਲੱਖ ਦੇ ਪਾਰ ਪਹੁੰਚੇ ਸਨ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ 32661252 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 918470 ਨਮੂਨਿਆਂ ਦੀ ਜਾਂਚ ਬੁਧਵਾਰ ਨੂੰ ਕੀਤੀ ਗਈ।
ਪਿਛਲੇ 24 ਘੰਟਿਆਂ ਵਿਚ ਹੋਈਆਂ 977 ਮੌਤਾਂ ਵਿਚੋਂ ਸੱਭ ਤੋਂ ਵੱਧ 346 ਮਰੀਜ਼ ਮਹਾਰਾਸ਼ਟਰ ਦੇ ਸਨ। ਕਰਨਾਟਕ ਵਿਚ 126, ਤਾਮਿਲਨਾਡੂ ਵਿਚ 116, ਆਂਧਰਾ ਪ੍ਰਦੇਸ਼ ਵਿਚ 86, ਯੂਪੀ ਤੇ ਪਛਮੀ ਬੰਗਾਲ ਵਿਚ 53-53, ਪੰਜਾਬ ਵਿਚ 23, ਮੱਧ ਪ੍ਰਦੇਸ਼ ਵਿਚ 18, ਗੁਜਰਾਤ ਵਿਚ 17, ਝਾਰਖੰਡ ਵਿਚ 15, ਉਤਰਾਖੰਡ ਵਿਚ 14, ਰਾਜਸਥਾਨ ਵਿਚ 12, ਬਿਹਾਰ ਤੇ ਜੰਮੂ ਕਸ਼ਮੀਰ ਵਿਚ 11-11 ਮਰੀਜ਼ਾਂ ਦੀਆਂ ਮੌਤਾਂ ਹੋਈਆਂ।
ਆਸਾਮ, ਹਰਿਆਣਾ, ਉੜੀਸਾ ਅਤੇ imageਤੇਲੰਗਾਨਾ ਵਿਚ 10-10, ਦਿੱਲੀ ਵਿਚ ਨੌਂ, ਗੋਆ ਵਿਚ ਅੱਠ, ਕੇਰਲਾ ਵਿਚ ਸੱਤ, ਪੁਡੂਚੇਰੀ ਵਿਚ ਛੇ, ਛੱਤੀਸਗੜ੍ਹ ਵਿਚ ਤਿੰਨ ਅਤੇ ਸਿੱਕਮ, ਚੰਡੀਗੜ੍ਹ ਤੇ ਲਦਾਖ਼ ਵਿਚ ਇਕ-ਇਕ ਵਿਅਕਤੀ ਦੀ ਜਾਨ ਗਈ। ਦੇਸ਼ ਵਿਚ ਹੁਣ ਤਕ ਹੋਈਆਂ ਕੁਲ 53866 ਮੌਤਾਂ ਵਿਚੋਂ ਸੱਭ ਤੋਂ ਵੱਧ ਮਹਾਰਾਸ਼ਟਰ ਵਿਚ 21033 ਮਰੀਜ਼ਾਂ ਦੀ ਜਾਨ ਗਈ। ਤਾਮਿਲਨਾਡੂ ਵਿਚ 6123, ਕਰਨਾਟਕ ਵਿਚ 4327, ਦਿੱਲੀ ਵਿਚ 4235 ਮੌਤਾਂ ਹੋਈਆਂ। (ਏਜੰਸੀ)