
ਚੇਨਈ ਸੁਪਰ ਕਿੰਗਜ਼ ਨਾਲ ਯੂ.ਏ.ਈ ਨਹੀਂ ਜਾਣਗੇ ਹਰਭਜਨ ਸਿੰਘ
ਚੇਨੱਈ, 20 ਅਗੱਸਤ : ਚੇਨਈ ਸੁਪਰ ਕਿੰਗਜ਼ ਦੇ ਆਫ਼ ਸਪਿਨਰ ਹਰਭਜਨ ਸਿੰਘ ਨਿੱਜੀ ਕਾਰਨਾਂ ਕਾਰਨ ਅਪਣੀ ਟੀਮ ਨਾਲ ਸ਼ੁਕਰਵਾਰ ਨੂੰ ਸੰਯੁਕਤ ਰਾਸ਼ਟਰ ਅਮੀਰਾਤ ਲਈ ਰਵਾਨਾ ਨਹੀਂ ਹੋਣਗੇ ਅਤੇ ਹਰਭਜਨ ਸਿੰਘ ਦੋ ਹਫ਼ਤੇ ਦੇ ਅੰਦਰ ਟੀਮ ਨਾਲ ਜੁੜਨਗੇ। ਆਈ.ਪੀ.ਐਲ. ਦਾ ਪ੍ਰਬੰਧ ਯੂ.ਏ.ਈ. 'ਚ 19 ਸਤੰਬਰ ਤੋਂ 10 ਨਵੰਬਰ ਤੱਕ ਕੀਤਾ ਜਾਣਾ ਹੈ। 40 ਸਾਲਾ ਹਰਭਜਨ ਚੇਨੱਈ ਵਿਚ ਮੌਜੂਦ ਨਹੀਂ ਹਨ, ਜਿਥੇ ਟੀਮ 5 ਦਿਨਾਂ ਟ੍ਰੇਨਿੰਗ ਦੇ ਬਾਅਦ ਯੂ.ਏ.ਈ. ਲਈ ਰਵਾਨਾ ਹੋਵੇਗੀ। ਹਰਭਜਨ ਸਮੇਤ ਚੇਨਈ ਦੇ 5 ਖਿਡਾਰੀ ਫਿਲਹਾਲ ਯੂ.ਏ.ਈ. ਨਹੀਂ ਜਾ ਰਹੇ ਹਨ। ਇਨ੍ਹਾਂ ਖਿਡਾਰੀਆਂ ਵਿਚ ਫਾਫ ਡੂ ਪਲੇਸਿਸ, ਲੁੰਗੀ ਏਨਗਿਦੀ ਸ਼ਾਮਲ ਹਨ, ਜੋ ਸਤੰਬਰ ਦੀ ਸ਼ੁਰੂਆਤ ਵਿਚ ਯੂ.ਏ.ਈ. ਪਹੁੰਚਣਗੇ। ਇਸ ਦੇ ਇਲਾਵਾ ਇਮਰਾਨ ਤਾਹਿਰ, ਮਿਸ਼ੇਲ ਸੈਂਟਨਰ ਅਤੇ ਡਵੇਨ ਬਰਾਵੋ ਸੀ.ਪੀ.ਐਲ. ਵਿਚ ਖੇਡਣ ਕਾਰਨ ਟੀਮ ਨਾਲ ਫਿਲਹਾਲ ਨਹੀਂ ਜੁੜ ਪਾਉਣਗੇ। ਚੇਨਈ ਵਿਚ ਕੈਂਪ ਵਿਚ ਸ਼ਾਮਲ ਨਾ ਰਹਿਣ ਵਾਲੇ ਆਲਰਾਊਂਡਰ ਰਵੀਂਦਰ ਜਡੇਜਾ ਸ਼ੁਕਰਵਾਰ ਨੂੰ ਟੀਮ ਨਾਲ ਯੂ.ਏ.ਈ. ਰਵਾਨਾ ਹੋਣਗੇ। (ਪੀਟੀਆਈ)