
ਸੁਖਬੀਰ ਬਾਦਲ 'ਤੇ ਸਕੀਮ ਨੂੰ ਕਰਵਾਉਣ ਦੀ ਸਾਜ਼ਿਸ਼ ਰਚਣ ਦਾ ਲਾਏ ਦੋਸ਼
ਚੰਡੀਗੜ੍ਹ : ਸ਼੍ਰ੍ਰੋਮਣੀ ਅਕਾਲੀ ਦਲ ਵਲੋਂ ਸਰਕਾਰ ਖਿਲਾਫ਼ ਹਮਲਾਵਰ ਰੁਖ ਅਪਨਾਉਂਦਿਆਂ ਵੱਡੇ ਹਮਲੇ ਕੀਤੇ ਜਾ ਰਹੇ ਹਨ। ਜ਼ਹਿਰੀਲੀ ਸ਼ਰਾਬ ਕਾਂਡ ਸਮੇਤ ਵੱਖ-ਵੱਖ ਮੁੱਦਿਆਂ 'ਤੇ ਸਰਕਾਰ ਘੇਰਨ ਦਾ ਸਿਲਸਿਲਾ ਜਾਰੀ ਹੈ। ਇਸੇ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਕਾਰ 'ਤੇ ਮਨਰੇਗਾ ਸਕੀਮ 'ਚੋਂ ਵੀ 1000 ਕਰੋੜ ਰੁਪਏ ਦੇ ਘਪਲੇ ਦੇ ਗੰਭੀਰ ਦੋਸ਼ ਲਾਏ, ਜਿਸ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਸੁਖਬੀਰ ਤੋਂ ਸਵਾਲ ਪੁਛੇ ਹਨ। ਬਾਜਵਾ ਨੇ ਸਵਾਲ ਕੀਤਾ ਕਿ ਸੁਖਬੀਰ ਦੱਸਣ ਕਿ 800 ਕਰੋੜ ਰੁਪਏ ਦੇ ਫ਼ੰਡਾਂ ਵਿਚੋਂ 1000 ਕਰੋੜ ਦਾ ਘਪਲਾ ਕਿਵੇਂ ਹੋ ਸਕਦਾ ਹੈ?
Tript Bajwa
ਸੁਖਬੀਰ ਬਾਦਲ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਅਸਲ ਸੁਖਬੀਰ ਬਾਦਲ ਮਨਰੇਗਾ ਤਹਿਤ ਹੋ ਰਹੇ ਵਿਆਪਕ ਕੰਮਾਂ ਤੋਂ ਘਬਰਾ ਗਏ ਹਨ। ਉਨ੍ਹਾਂ ਕਿਹਾ ਕਿ ਮਨਰੇਗਾ ਤਹਿਤ ਜ਼ੋਰ-ਸ਼ੋਰ ਨਾਲ ਚਾਲੂ ਕਾਰਜਾਂ ਦੀ ਵਿਘਣ ਪਾਉਣ ਲਈ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਕੇਂਦਰ ਕੋਲ ਸ਼ਿਕਾਇਤ ਲਾ ਰਹੇ ਹਨ।
Sukhbir Badal
ਬਾਜਵਾ ਨੇ ਸੁਖਬੀਰ ਬਾਦਲ ਨੂੰ 1000 ਕਰੋੜ ਦੇ ਘਪਲੇ ਦਾ ਵੇਰਵਾ ਜਾਰੀ ਕਰਨ ਦੀ ਚੁਨੌਤੀ ਦਿੰਦਿਆਂ ਕਿਹਾ ਕਿ ਸੁਖਬੀਰ ਬਾਦਲ ਜਿਹੇ ਜ਼ਿੰਮੇਵਾਰ ਵਿਅਕਤੀ ਨੂੰ ਇੰਨਾ ਜ਼ਿਆਦਾ ਝੂਠ ਬੋਲਣਾ ਕਿਸੇ ਵੀ ਤਰ੍ਹਾਂ ਸੋਭਾ ਨਹੀਂ ਦਿੰਦਾ। ਉਨ੍ਹਾਂ ਦਸਿਆ ਕਿ ਮਗਨਰੇਗਾ ਤਹਿਤ ਆਏ ਫ਼ੰਡਾਂ 'ਚੋਂ 60 ਫ਼ੀ ਸਦੀ ਖ਼ਰਚਾ ਲੇਬਰ 'ਤੇ ਹੁੰਦਾ ਹੈ। ਬਾਕੀ 40 ਫ਼ੀ ਸਦੀ ਖ਼ਰਚਾ ਮਟੀਰੀਅਲ 'ਤੇ ਹੋ ਸਕਦਾ ਹੈ ਜਿਸ 'ਚੋਂ ਸਿਰਫ਼ 22 ਫ਼ੀ ਸਦੀ ਖ਼ਰਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਵਿਚੋਂ ਲੇਬਰ ਦੀ ਅਦਾਇਗੀ ਵਾਲਾ ਫ਼ੰਡ ਸੂਬੇ ਦੇ ਖ਼ਜ਼ਾਨੇ 'ਚ ਨਹੀਂ ਆਉਂਦਾ, ਇਹ ਪੈਸਾ ਭਾਰਤ ਸਰਕਾਰ ਵਲੋਂ ਲਾਭਪਾਤਰੀਆਂ ਦੇ ਸਿੱਧਾ ਖਾਤਿਆਂ 'ਚ ਪਾਇਆ ਜਾਂਦਾ ਹੈ।
Tripet Bajwa
ਸੁਖਬੀਰ ਬਾਦਲ ਦੇ ਦੋਸ਼ਾਂ ਨੂੰ ਨਕਾਰਦੇ ਅੰਕੜੇ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਾਲ ਮਗਨਰੇਗਾ ਦੇ ਕੁੱਲ 800 ਕਰੋੜ ਰੁਪਏ ਦਾ ਬਜਟ ਸੀ, ਜਿਸ ਵਿਚੋਂ 390 ਕਰੋੜ ਰੁਪਏ ਖ਼ਰਚ ਹੋ ਚੁੱਕੇ ਹਨ। ਇਸ ਵਿਚ ਮਟੀਰੀਅਲ 'ਤੇ ਖ਼ਰਚਾ ਕੇਵਲ 88 ਕਰੋੜ ਆਇਆ ਹੈ। ਉਨ੍ਹਾਂ ਕਿਹਾ ਕਿ 2017 'ਚ ਸਰਕਾਰ ਬਣਨ ਤੋਂ ਲੈ ਕੇ ਅੱਜ ਤਕ ਮਟੀਰੀਅਲ 'ਤੇ ਕੇਵਲ 520 ਕਰੋੜ ਰੁਪਏ ਖ਼ਰਚੇ ਗਏ ਹਨ। ਉਨ੍ਹਾਂ ਸੁਖਬੀਰ ਵੱਲ ਨਿਸ਼ਾਨਾ ਸਾਧਦਿਆਂ ਸਵਾਲ ਕੀਤਾ ਕਿ 520 ਕਰੋੜ ਦੇ ਖ਼ਰਚੇ ਵਿਚੋਂ 1000 ਕਰੋੜ ਦਾ ਘਪਲਾ ਕਿਵੇਂ ਹੋ ਸਕਦਾ ਹੈ?
Ttipet bajwa
ਕਾਬਲੇਗੌਰ ਹੈ ਕਿ ਬੀਤੇ ਕੱਲ ਵੀਰਵਾਰ ਨੂੰ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ 'ਤੇ ਅਧਿਕਾਰੀਆਂ ਨਾਲ ਮਿਲ ਕੇ ਮਨਰੇਗਾ ਫ਼ੰਡਾਂ 'ਚ 1000 ਕਰੋੜ ਰੁਪਏ ਦਾ ਘਪਲਾ ਕਰਨ ਦੇ ਦੋਸ਼ ਲਾਏ ਸਨ। ਉਨ੍ਹਾਂ ਘਪਲੇ 'ਚ ਸ਼ਾਮਲ ਦੋਸ਼ੀਆਂ ਨੂੰ ਫੜਨ ਲਈ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਕਿਹਾ ਸੀ ਕਿ ਗ਼ਰੀਬਾਂ ਦੀ ਦਸ਼ਾ ਸੁਧਾਰਨ ਲਈ ਰੱਖੇ ਕੇਂਦਰੀ ਫ਼ੰਡਾਂ 'ਚ ਕਾਂਗਰਸੀ ਵਿਧਾਇਕਾਂ ਨੇ ਘਪਲਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਸੀ ਕਿ ਕੇਂਦਰੀ ਟੀਮ ਵਲੋਂ ਕੀਤੀ ਜਾਂਚ ਦੌਰਾਨ ਸੂਬੇ ਦੇ ਦੋ ਜ਼ਿਲ੍ਹਿਆਂ 'ਚ ਬੇਨਿਯਮੀਆਂ ਸਾਹਮਣੇ ਆਈਆਂ ਸਨ। ਉਨ੍ਹਾਂ ਇਸ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕਰਨ ਦੀ ਮੰਗ ਵੀ ਕੀਤੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।