
ਹਾਲੇ ਵੀ ਸੰਭਲੋ, ਨਹੀਂ ਤਾਂ ਹਫ਼ਤੇ ਬਾਅਦ ਹੋਰ ਸਖ਼ਤੀ ਲਈ ਮਜਬੂਰ ਹੋਵਾਂਗਾ : ਕੈਪਟਨ
ਕਿਹਾ, ਪੰਜਾਬ ਨੂੰ ਅਮਰੀਕਾ ਨਹੀਂ ਬਣਨ ਦਿਆਂਗਾ
ਚੰਡੀਗੜ੍ਹ, 21 ਅਗੱਸਤ (ਗੁਰਉਪਦੇਸ਼ ਭੁਲੱਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਵਲੋਂ ਕੋਰੋਨਾ ਸਾਵਧਾਨੀ ਦੀਆਂ ਪਾਬੰਦੀਆਂ ਦੀ ਪਰਵਾਹ ਨਾ ਕੀਤੇ ਜਾਣ 'ਤੇ ਚਿੰਤਾ ਪ੍ਰਗਟ ਕਰਦਿਆਂ ਲੋਕਾਂ ਨੂੰ ਚੇਤਾਵਨੀ ਦਿਤੀ ਹੈ ਕਿ ਜੇ ਨਾ ਸੰਭਲੇ ਅਤੇ ਇਸੇ ਤਰ੍ਹਾਂ ਬੇਪਰਵਾਹ ਰਹੇ ਤਾਂ ਇਕ ਹਫ਼ਤੇ ਬਾਅਦ ਹੋਰ ਸਖ਼ਤੀ ਕਰਨ ਲਈ ਮਜਬੂਰ ਹੋਵਾਂਗਾ। ਹਫ਼ਤਾਵਰੀ ਫ਼ੇਸਬੁੱਕ ਪ੍ਰੋਗਰਾਮ 'ਚ ਸੂਬੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 31 ਅਗੱਸਤ ਨੂੰ ਸਥਿਤੀ ਦਾ ਰਿਵੀਊ ਕਰ ਕੇ ਸਥਿਤੀ ਮੁਤਾਬਕ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਨੂੰ ਬਚਾਉਣਾ ਹੈ, ਇਸ ਨੂੰ ਅਮਰੀਕਾ ਨਹੀਂ ਬਣਨ ਦਿਆਂਗਾ ਜਿਥੇ ਲੱਖਾਂ ਮੌਤਾਂ ਹੋਈਆਂ ਹਨ। ਉਨ੍ਹਾਂ ਮਾਹਰਾਂ ਵਲੋਂ ਲਾਏ ਅਨੁਮਾਨਾਂ ਦਾ ਜ਼ਿਕਰ ਕਰਦਿਆਂ ਅਤੇ ਸਥਿਤੀ ਦੀ ਗੰਭੀਰਤਾ ਨੂੰ ਸਮਝਾਉਂਦਿਆਂ ਕਿਹਾ ਕਿ ਜਿਸ ਤਰ੍ਹਾਂ ਕੇਸਾਂ ਦਾ ਅੰਕੜਾ ਵਧ ਰਿਹਾ ਹੈ, ਉਸ ਹਿਸਾਬ ਨਾਲ ਮਾਹਰਾਂ ਮੁਤਾਬਕ 3 ਸਤੰਬਰ ਤਕ 64000 ਤੋਂ ਵੱਧ ਅਤੇ 8 ਸਤੰਬਰ ਤਕ 1 ਲੱਖ ਤੋਂ ਵੱਧ ਪਾਜ਼ੇਟਿਵ ਮਾਮਲੇ ਹੋ ਜਾਣਗੇ ਜੋ ਇਸ ਸਮੇਂ 37000 ਤੋਂ ਵੱਧ ਹਨ। 8 ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਸਥਿਤੀ ਖ਼ਰਾਬ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੌਤਾਂ ਦੀ ਗਿਣਤੀ ਵੀ ਇਨ੍ਹਾਂ ਦਿਨਾਂ ਵਿਚ ਤਿੰਨ ਗੁਣਾਂ ਤਕ ਵਧਣ ਦਾ ਅਨੁਮਾਨ ਹੈ। ਸਖ਼ਤ ਕਦਮ ਵੀ ਵਧ ਰਹੇ ਅੰਕੜਿਆਂ ਕਾਰਨ ਚੁੱਕ ਰਹੇ ਹਾਂ ਕਿਉਂਕਿ ਅੱਗੇ ਕੁੱਝ ਨਹੀਂ ਪਤਾ ਕਦੋਂ ਇਹ ਅੰਕੜਾ ਥੱਲੇ ਆਊ ਵੀ ਜਾਂ ਨਹੀਂ। ਉਨ੍ਹਾਂ ਕਿਹਾ ਕਿ ਵਾਰ ਫੇਰ ਬੇਨਤੀ imageਹੈ ਕਿ ਸਾਵਧਾਨੀਆਂ ਵਰਤੋ ਤੇ ਮਾਸਕ ਪਾਉ। ਸਮਾਜਕ ਦੂਰੀ ਰੱਖੋ। ਰੱਬ ਦਾ ਵਾਸਤਾ ਹੈ ਕਿ ਅਪਣੇ ਪਰਵਾਰਾਂ ਤੇ ਹੋਰ ਲੋਕਾਂ ਬਾਰੇ ਸੋਚੋ ਤਾਂ ਜੋ ਕੰਟਰੋਲ ਹੋ ਸਕੇ। ਮੁੱਖ ਮੰਤਰੀ ਨੇ ਮੁਲਾਜ਼ਮਾਂ ਦੀ ਹੜਤਾਲ ਬਾਰੇ ਕਿਹਾ ਕਿ ਅਸੀ ਮੰਗਾਂ ਮੰਨਣ ਬਾਰੇ ਵਿਚਾਰ ਕਰ ਰਹੇ ਹਾਂ। ਸੋਮਵਾਰ ਵਿੱਤ ਮੰਤਰੀ ਨਾਲ ਗੱਲਬਾਤ ਕਰ ਕੇ ਹੱਲ ਕਰਾਂਗੇ। ਉਨ੍ਹਾਂ ਕਿਹਾ ਕਿ ਅਜਿਹੀ ਔਖੀ ਘੜੀ ਵਿਚ ਅਜਿਹੇ ਕਦਮ ਚੰਗੇ ਨਹੀਂ ਲਗਦੇ। ਉਨ੍ਹਾਂ ਕਿਹਾ ਕਿ ਕੁੱਝ ਸਮਾਂ ਸਬਰ ਰੱਖੋ। ਉਨ੍ਹਾਂ ਪਾਰਟੀਆਂ ਵਲੋਂ ਕੀਤੇ ਜਾਂਦੇ ਇੱਕਠਾਂ ਬਾਰੇ ਵੀ ਕਿਹਾ ਕਿ ਅਜਿਹਾ ਹੁਣ ਨਹੀਂ ਹੋਣ ਦਿਆਂਗੇ ਜਦ ਤਕ ਠੀਕ ਨਹੀਂ ਹੁੰਦੇ ਹਾਲਾਤ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਨਹੀਂ ਬਲਕਿ ਜੋ ਇੱਕਠ ਕਰਵਾਉਂਦੇ ਉਨ੍ਹਾਂ ਲੋਕਾਂ ਨੂੰ ਫੜ ਕੇ ਸਖ਼ਤ ਐਕਸ਼ਨ ਲਵਾਂਗੇ। ਉਨ੍ਹਾਂ ਵਿਸ਼ੇਸ ਤੌਰ ਉਤੇ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਦਾ ਜ਼ਿਕਰ ਕੀਤਾ।