
ਪੰਜਾਬ ਦੇ ਚੋਟੀ ਦੇ ਸਿਖਿਆਰਥੀਆਂ ਦੇ ਵਫ਼ਦ ਨੇ ਜੇ.ਪੀ. ਨੱਢਾ ਨਾਲ ਕੀਤੀ ਮੁਲਾਕਾਤ
ਐਸ.ਏ.ਐਸ. ਨਗਰ, 20 ਅਗੱਸਤ (ਸੁਖਦੀਪ ਸਿੰਘ ਸੋਈ) : ਲੋਕਾਂ ਨਾਲ ਜੁੜਨ ਲਈ ਕਾਰਵਾਈ ਅਧੀਨ, ਪੰਜਾਬ ਤੋਂ ਸਿਖਿਆ ਅਤੇ ਸਮਾਜਕ ਸੇਵਾਵਾਂ ਦੀ ਸੇਵਾ ਵਿਚ ਲੱਗੇ ਪੰਜਾਬ ਦੇ ਲਗਭਗ 30 ਚੋਟੀ ਦੇ ਸਿਖਿਆਰਥੀਆਂ ਦਾ ਵਫ਼ਦ ਭਾਜਪਾ ਨੇਤਾ ਤਜਿੰਦਰ ਸਿੰਘ ਸਰਾਂ ਦੀ ਅਗਵਾਈ 'ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੂੰ ਉਨ੍ਹਾਂ ਦੀ ਰਿਹਾਇਸ਼ ਨਵੀਂ ਦਿੱਲੀ ਵਿਖੇ ਮਿਲਿਆ |
ਲਗਭਗ ਦੋ ਘੰਟੇ ਤਕ ਚੱਲੀ ਇਸ ਮੁਲਾਕਾਤ ਦੌਰਾਨ ਹਰੇਕ ਭਾਗੀਦਾਰ ਨੇ ਪੰਜਾਬ ਵਿਚ ਸਿਖਿਆ ਦੇ ਵਿਕਾਸ ਸਬੰਧੀ ਵੱਖ-ਵੱਖ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਅਪਣੇ ਵਿਚਾਰ ਪੇਸ਼ ਕੀਤੇ | ਪੂਰੇ ਸਮੂਹ ਦੀ ਸਰਬਸੰਮਤੀ ਨਾਲ ਰਾਏ ਸੀ ਕਿ ਹਰ ਪੰਜਾਬੀ ਰਾਜ ਵਿਚ ਸ਼ਾਂਤੀ ਚਾਹੁੰਦਾ ਹੈ ਤਾਂ ਜੋ ਰਾਜ ਹੋਰ ਵਿਕਾਸ ਕਰੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਯੋਗ ਮੌਕੇ ਪ੍ਰਾਪਤ ਹੋਣ, ਵਿਦਿਅਕ ਸੰਸਥਾਵਾਂ ਸਾਰੀਆਂ ਧਾਰਾਵਾਂ ਵਿਚ ਵਿਸ਼ਵ ਪਧਰੀ ਸਿਖਿਆ ਪ੍ਰਦਾਨ ਕਰਨ ਦੇ ਯੋਗ ਹੋਣ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਲਈ ਚੰਗਾ ਮਾਹੌਲ ਮਿਲੇ | ਭਾਗੀਦਾਰਾਂ ਨੇ 40% ਸਕਾਲਰਸ਼ਿਪਾਂ ਨੂੰ ਰਾਜ ਸਰਕਾਰ ਦੁਆਰਾ ਮੁਹੱਈਆ ਨਾ ਕੀਤੇ ਜਾਣ ਬਾਰੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਵੀ ਉਭਾਰਿਆ ਜੋ ਕਿ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਪ੍ਰਾਈਵੇਟ ਸੰਸਥਾਵਾਂ ਵਲੋਂ ਸਿੱਖਿਆ ਦੌਰਾਨ ਦਿਤੇ ਜਾਂਦੇ ਹਨ |
ਇਕ ਭਾਗੀਦਾਰ ਨੇ ਸਿੱਕਮ ਵਿਚ ਗੁਰਦੁਆਰਾ ਡਾਂਗ ਮਾਰ, ਗਿਆਨ ਗੋਦੜੀ ਸਾਹਿਬ ਹਰਿਦੁਆਰ ਅਤੇ ਪੁਰੀ ਵਿਖੇ ਮੰਗੂ ਮੱਠ ਦਾ ਮੁੱਦਾ ਉਠਾਇਆ | ਉਨ੍ਹਾਂ ਬੰਦੀਆਂ ਦਾ ਮੁੱਦਾ ਵੀ ਸਾਹਮਣੇ ਆਇਆ ਜਿਨ੍ਹਾਂ ਨੇ ਅਪਣੀ ਜੇਲ ਦੀ ਮਿਆਦ ਪੂਰੀ ਕਰ ਲਈ ਹੈ ਅਤੇ ਜਿਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਹੈ | ਭਾਗੀਦਾਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਕਰਤਾਰਪੁਰ ਸਾਹਿਬ ਲਾਂਘਾ ਜੋ ਕੋਵਿਡ ਮਹਾਂਮਾਰੀ ਕਾਰਨ ਬੰਦ ਹੈ, ਨੂੰ ਸ਼ਰਧਾਲੂਆਂ ਲਈ ਦੁਬਾਰਾ ਖੋਲਿ੍ਹਆ ਜਾਵੇ | ਸੱਭ ਨੇ ਪੀਐਮ ਨਰਿੰਦਰ ਮੋਦੀ ਵਲੋਂ ਕਾਲੀ ਸੂਚੀ ਨੂੰ ਖਤਮ ਕਰਨਾ, ਕਰਤਾਰਪੁਰ ਲਾਂਘੇ ਦੀ ਸ਼ੁਰੂਆਤ, 1984 ਦੇ ਦੰਗਿਆਂ ਦੀ ਮੁੜ ਜਾਂਚ ਲਈ ਐਸਆਈਟੀ ਨਿਯੁਕਤ ਕਰਨ ਦੇ ਕੀਤੇ ਯਤਨਾਂ ਦੀ ਪ੍ਰਸ਼ੰਸਾ ਕੀਤੀ |
ਭਾਗੀਦਾਰਾਂ ਨੇ ਇਹ ਵੀ ਅਪੀਲ ਕੀਤੀ ਕਿ ਕਿਸਾਨ ਅੰਦੋਲਨ ਦਾ ਮੁੱਦਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਤਾਂ ਜੋ ਵਿਕਾਸ ਲਈ ਮਾਹੌਲ ਸੁਖਾਵਾਂ ਹੋਵੇ | ਭਾਜਪਾ ਪ੍ਰਧਾਨ ਨੱਢਾ ਜੀ ਨੇ ਪੂਰੇ ਭਾਗੀਦਾਰਾਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਪੰਜਾਬ ਰਾਜ ਵਿੱਚ ਸ਼ਾਂਤੀ ਅਤੇ ਵਿਕਾਸ ਦੀ ਜ਼ਰੂਰਤ 'ਤੇ ਜ਼ੋਰ ਦਿਤਾ ਅਤੇ ਦੁਹਰਾਇਆ ਕਿ ਇਹ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਦੀ ਤਰਜੀਹ ਹੈ ਅਤੇ ਭਾਜਪਾ ਸਬਕਾ ਸਾਥ, ਸਬਕਾ ਵਿਕਾਸ ਦੇ ਸਿਧਾਂਤ ਵਿਚ ਵਿਸ਼ਵਾਸ ਰਖਦੀ ਹੈ | ਭਾਜਪਾ ਦੇ ਕੌਮੀ ਜਨਰਲ ਸਕੱਤਰ, ਪੰਜਾਬ ਇੰਚਾਰਜ ਅਤੇ ਸੰਸਦ ਮੈਂਬਰ ਦੁਸ਼ਯੰਤ ਕੁਮਾਰ ਗੌਤਮ ਨੇ ਭਾਗੀਦਾਰਾਂ ਦਾ ਦਿੱਲੀ ਆਉਣ ਅਤੇ ਕੀਮਤੀ ਸੁਝਾਅ ਦੇਣ ਲਈ ਸੱਭ ਦਾ ਧਨਵਾਦ ਕੀਤਾ | ਮੀਟਿੰਗ ਵਿਚ ਪੰਜਾਬ ਦੇ ਸਹਿ-ਇੰਚਾਰਜ ਡਾ: ਨਰਿੰਦਰ ਸਿੰਘ ਰੈਨਾ, ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਬੁਲਾਰਾ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਵੀ ਹਾਜ਼ਰ ਸਨ |
20-2 ਫੋਟੋ ਕੈਪਸ਼ਨ