
ਅਜੇ ਤੱਕ ਪਿਓ ਪੁੱਤ ਵਿਚ ਹੋਈ ਤਕਰਾਰ ਬਾਰੇ ਪਤਾ ਨਹੀਂ ਚੱਲ ਸਕਿਆ।
ਫਿਰੋਜ਼ਪੁਰ (ਮਲਕੀਅਤ ਸਿੰਘ) : ਫਿਰੋਜ਼ਪੁਰ ਦੇ ਪਿੰਡ ਰੁਕਨਾ ਬੇਗੂ ਵਿਚ ਘਰੇਲੂ ਕਲੇਸ਼ ਦੇ ਚੱਲਦੇ ਪਿਤਾ ਵਲੋਂ ਆਪਣੇ 22 ਸਾਲਾ ਪੁੱਤਰ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦਾ ਨਾਮ ਸਾਵਣ ਸਿੰਘ ਦੱਸਿਆ ਜਾ ਰਿਹਾ ਹੈ। ਦਰਅਸਲ ਸਾਵਣ ਸਿੰਘ ਆਪਣੇ ਸ਼ਰਾਬ ਦੇ ਆਦੀ ਪਿਤਾ ਨੂੰ ਸ਼ਰਾਬ ਪੀਣ ਤੋਂ ਰੋਕ ਰਿਹਾ ਸੀ ਤੇ ਇਸੇ ਕਰ ਕੇ ਉਸ ਦਾ ਪਿਤਾ ਗੁੱਸੇ ਵਿਚ ਆ ਗਿਆ ਤੇ ਉਸ ਨੇ ਆਪਣੇ ਹੀ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਸਾਵਣ ਸਿੰਘ ਦਾ ਪਿਤਾ ਹਰ ਰੋਜ਼ ਬਹੁਤ ਸ਼ਰਾਬ ਪੀਂਦਾ ਸੀ ਜਿਸ ਕਰ ਕੇ ਘਰੇਲੂ ਝਗੜਾ ਤੇ ਪਰੇਸ਼ਾਨੀਆਂ ਵਧ ਰਹੀਆਂ ਸਨ। ਬੀਤੀ ਰਾਤ ਜਦੋਂ ਪਿਤਾ ਸ਼ਰਾਬ ਪੀ ਕੇ ਘਰ ਆਇਆ ਤਾਂ ਸਾਵਣ ਸਿੰਘ ਨੇ ਆਪਣੇ ਕਮਰੇ ਵਿਚ ਜਾ ਕੇ ਆਪਣੇ ਪਿਤਾ ਨੂੰ ਬੁਰਾ ਭਲਾ ਕਹਿਣ ਤੋਂ ਬਾਅਦ ਟੀਵੀ ਵੇਖਣਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ ਅਚਾਨਕ ਗੁੱਸੇ ਵਿਚ ਆਏ ਪਿਤਾ ਨੇ ਆਪਣੇ ਘਰ ਵਿਚ ਪਏ ਡੱਬੇ ਵਿਚੋਂ ਪਿਸਤੌਲ ਲਈ ਅਪਣੇ ਪੁੱਤ ਨੂੰ ਗੋਲੀ ਮਾਰ ਦਿੱਤੀ ਤੇ ਸਾਵਣ ਸਿੰਘ ਨੂੰ ਤੁਰੰਤ ਹਸਪਤਾਲ ਲਈ ਲਜਾਇਆ ਗਿਆ ਪਰ ਉਸ ਦੀ ਰਸਤੇ ਵਿਚ ਹੀ ਮੌਤ ਹੋ ਗਈ। ਕੁਲਗੜੀ ਦੇ ਐਸਐਚਓ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਪਿਤਾ ਬੋਹੜ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।