
ਸਾਰੇ ਸ਼ਹਿਰਾਂ ਦੇ ਟੋਲ ਪਲਾਜ਼ੇ ਵੀ ਬੰਦ ਕਰ ਦਿੱਤੇ ਜਾਣਗੇ
ਜਲੰਧਰ - ਪੰਜਾਬ ਦੇ ਜਲੰਧਰ ਵਿਚ ਗੰਨਾ ਕਿਸਾਨਾਂ ਨੇ ਅੱਜ ਦੂਜੇ ਦਿਨ ਹਾਈਵੇਅ ਅਤੇ ਰੇਲਵੇ ਟਰੈਕਾਂ ਨੂੰ ਜਾਮ ਕੀਤਾ ਹੋਇਆ ਹੈ। ਕਿਸਾਨ ਸੂਬਾ ਸਰਕਾਰ ਤੋਂ ਉਨ੍ਹਾਂ ਦੇ ਬਕਾਏ ਦੀ ਅਦਾਇਗੀ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਮੰਗਲਵਾਰ ਸਵੇਰੇ ਦੱਸ ਵਜੇ ਤੱਕ ਜੇਕਰ ਕੈਪਟਨ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੂਰੇ ਪੰਜਾਬ ਵਿਚ ਹਾਈਵੇਅ ਜਾਮ ਕੀਤੇ ਜਾਣਗੇ।
ਇਸ ਦੀ ਜਾਣਕਾਰੀ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਲੀਡਰ ਮਨਜੀਤ ਸਿੰਘ ਰਾਏ ਵਲੋਂ ਦਿੱਤੀ ਗਈ। ਇਸ ਤੋਂ ਇਲਾਵਾ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਧਰਨੇ ਤੋਂ ਡਰਦੀ ਦਿਖਾਈ ਦੇ ਰਹੀ ਹੈ, ਇਸ ਲਈ ਐਤਵਾਰ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਕਿਸਾਨਾਂ ਨੂੰ ਮੀਟਿੰਗ ਲਈ ਸਰਕਾਰ ਨੇ ਬੁਲਾਇਆ ਹੈ। ਮਨਜੀਤ ਸਿੰਘ ਰਾਏ ਨੇ ਕਿਹਾ ਕਿ ਅਸੀਂ ਮੀਟਿੰਗ ਵਿਚ ਆਪਣੀ ਇਕੋ ਮੰਗ ’ਤੇ ਹੀ ਡਟੇ ਰਹਾਂਗੇ ਕੇ 400 ਰੁਪਏ ਪ੍ਰਤੀ ਕੁਇੰਟਲ ਗੰਨੇ ਦਾ ਭਾਅ ਕੀਤਾ ਜਾਵੇ।
Punjab Sugarcane Farmers Protest
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਮੰਗਾਂ ਨਾ ਮੰਨੀਆਂ ਤਾਂ ਮੰਗਲਵਾਰ ਨੂੰ ਸਵੇਰੇ ਦੱਸ ਵਜੇ ਤੋਂ ਪੰਜਾਬ ਭਰ ਵਿਚ ਚੱਕਾ ਜਾਮ ਕੀਤਾ ਜਾਵੇਗਾ। ਅਸੀਂ ਭਲਕੇ ਤੋਂ ਰੱਖੜੀ ਦੇ ਕਾਰਨ ਬੰਦ ਤੋਂ ਬਚਣ ਦੀ ਕੋਸ਼ਿਸ਼ ਕਰਾਂਗੇ। ਇਸ ਦੇ ਨਾਲ ਹੀ ਅੰਦੋਲਨ ਕਾਰਨ ਫ਼ਿਰੋਜ਼ਪੁਰ ਡਿਵੀਜ਼ਨ ਤੋਂ 19 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।