
ਤਿੰਨ ਤਿੰਨ 'ਜਥੇਦਾਰ' ਹੋਣ ਕਰ ਕੇ ਪੰਥ ਦੀ ਆਵਾਜ਼ ਬੰਦ ਹੋ ਕੇ ਰਹਿ ਗਈ
ਪੰਥ-ਵਿਰੋਧੀ ਤਾਕਤਾਂ ਚੁਟਕਲੇ ਬਣਾ ਰਹੀਆਂ ਹਨ
ਅੰਮਿ੍ਤਸਰ, 20 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਨਿਆਂਪਾਲਿਕਾ ਤੋਂ ਇਲਾਵਾ ਪੰਥਕ ਮੰਚ 'ਤੇ ਵੀ ਹੋਰ ਗਰਮਾ ਗਿਆ ਹੈ | ਜੇਕਰ ਇਸ ਦਾ ਇਨਸਾਫ਼ ਨਾ ਹੋਇਆ ਤਾਂ ਚੋਣਾਂ ਦੌਰਾਨ ਇਹ ਗੰਭੀਰ ਤੇ ਪ੍ਰਮੁੱਖ ਮੁੱਦਾ ਬਣ ਸਕਦਾ ਹੈ |
ਬੇਅਦਬੀ ਸਬੰਧੀ ਪੰਜਾਬ ਸਰਕਾਰ ਦੇ ਇਕ ਵਜ਼ੀਰ ਤੇ ਦੋ ਵਿਧਾਇਕਾਂ ਵਲੋਂ ਭਾਈ ਧਿਆਨ ਸਿੰਘ ਮੰਡ ਅੱਗੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਬਾਅਦ ਸਿੱਖ ਹਲਕਿਆਂ ਵਿਚ ਚਰਚਾ ਹੈ ਕਿ ਇਸ ਵੇਲੇ ਕੌਮ ਦੇ ਤਿੰਨ ਬੰਦੇ 'ਜਥੇਦਾਰ' ਹੋਣ ਦਾ ਦਾਅਵਾ ਕਰ ਰਹੇ ਹਨ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗਿ. ਹਰਪ੍ਰੀਤ ਸਿੰਘ, ਸਰਬੱਤ ਖ਼ਾਲਸਾ ਚੱਬਾ ਵਲੋਂ ਨਾਮਜ਼ਦ ਭਾਈ ਜਗਤਾਰ ਸਿੰਘ ਹਵਾਰਾ, ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਹਨ | ਇਸ ਤੋਂ ਸਪੱਸ਼ਟ ਹੈ ਕਿ ਸਿੱਖ ਕੌਮ ਦੀ ਲੀਡਰਸ਼ਿਪ ਵੱਖ ਵੱਖ ਧੜਿਆਂ ਵਿਚ ਵੰਡੀ ਹੋਈ ਹੈ ਜਿਸ ਕਾਰਨ 'ਜਥੇਦਾਰਾਂ' ਦੇ ਸੰਦੇਸ਼ –ਆਦੇਸ਼ ਅਤੇ ਹੁਕਮਨਾਮਿਆਂ ਦਾ ਅਸਰ ਅਕਾਲੀ ਫੂਲਾ ਸਿੰਘ ਵਾਲਾ ਨਹੀਂ ਰਿਹਾ | ਇਸ ਕਰ ਕੇ ਹੀ ਪੰਥਕ ਸੋਚ ਵਾਲੇ ਸਿੱਖਾਂ ਦਾ ਪ੍ਰਭਾਵ ਸਰਕਾਰੇ-ਦਰਬਾਰੇ ਅਤੇ ਪੰਥਕ ਸਫ਼ਾਂ ਵਿਚ ਜ਼ੀਰੋ ਹੁੰਦਾ ਜਾ ਰਿਹਾ ਹੈ ਤੇ ਸਿੱਖ ਲੀਡਰਸ਼ਿਪ ਦੀ ਕੋਈ ਵੁੱਕਤ ਵੀ ਨਹੀਂ ਰਹੀ | ਧੜੇਬੰਦੀ ਦਾ ਸ਼ਿਕਾਰ ਇਨ੍ਹਾਂ 'ਜਥੇਦਾਰਾਂ' ਕਾਰਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਅਦਬੀ ਦੇ ਕੇਸ ਵਿਚ ਸੱਦਣ ਲਈ ਉੱਚ ਪਧਰੀ ਚਰਚਾ ਹੈ |
ਪ੍ਰਾਪਤ ਜਾਣਕਾਰੀ ਮੁਤਾਬਕ ਕੁੱਝ ਸਿਆਸਤਦਾਨਾਂ ਦੀ ਸੋਚ ਬਣ ਰਹੀ ਹੈ ਕਿ ਇਹ ਮਾਮਲਾ ਚੋਣਾਂ ਤਕ ਲਟਕਾਇਆ ਜਾਵੇ | ਸਿੱਖ ਰਾਜਨੀਤੀ ਦੇ ਜਾਣਕਾਰਾਂ ਮੁਤਾਬਕ ਪੰਥਕ ਸਿਆਸਤ ਸੌਦਾ ਸਾਧ ਅਤੇ ਡੇਰਾਵਾਦ ਕਰ ਕੇ ਗੁੰਝਲਦਾਰ ਬਣੀ ਹੈ ਤੇ ਇਸ ਕਾਰਨ ਹੀ ਪੰਜਾਬ ਦੇ ਪ੍ਰਮੁੱਖ ਮਸਲੇ ਖੂਹ ਖਾਤੇ ਪੈਂਦੇ ਜਾ ਰਹੇ ਹਨ |
ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰ ਕੇ, ਕਿਸਾਨੀ ਕਰਜ਼ਾਈ ਹੋ ਗਈ ਹੈ | ਅਰਥ ਵਿਵਸਥਾ ਡਾਂਵਾਡੋਲ ਹੈ | ਬਾਦਲਾਂ ਦੀ ਅਗਵਾਈ ਵਿਚ ਕਾਫ਼ੀ ਸਮਾਂ ਹਕੂਮਤ ਰਹਿਣ ਕਾਰਨ ਪੰਜਾਬ ਦੇ ਸਿੱਖਾਂ ਦੇ ਅਹਿਮ ਮਸਲੇ ਰੁਲ ਗਏ ਹਨ | ਇਸ ਵੇਲੇ ਪੰਥਕ ਲੀਡਰਸ਼ਿਪ ਸਮੇਂ ਦੇ ਹਾਣੀ ਨਾ ਹੋਣ ਕਰ ਕੇ ਸਿੱਖ ਰਾਜਨੀਤੀ ਦਾ ਕੋਈ ਵਾਰਸ ਨਹੀਂ ਜਾਪ ਰਿਹਾ ਜਿਸ ਨਾਲ ਪੰਥ-ਵਿਰੋਧੀ ਤਾਕਤਾਂ, ਖੁਲ੍ਹ ਕੇ ਚੁਟਕਲੇ ਬਣਾ ਰਹੀਆਂ ਹਨ ਤੇ ਪੰਥਕ ਸੋਚ ਵਾਲੇ, ਨਾਤਾਕਤੇ ਹੋਏ ਮਹਿਸੂਸ ਕਰਦੇ ਹਨ |