
ਡਾਕਟਰਾਂ ਵੱਲੋਂ ਕਈ ਮਰੀਜ਼ਾਂ ਦੀ ਸਥਿਤੀ ਨਾਜ਼ੁਕ ਦੇਖਦੇ ਹੋਏ ਉਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ।
Diarrhea News: ਮੋਰਿੰਡਾ ਦੇ ਵਿੱਚ ਡਾਇਰੀਆ ਦਾ ਕਹਿਰ ਜਾਰੀ। ਵਾਰਡ ਨੰਬਰ 8 ਅਤੇ ਜੋਗੀਆ ਵਾਲਾ ਮਹੱਲੇ ਵਿੱਚ ਡਾਇਰੀਆਂ ਦੇ ਦਰਜ਼ਨਾਂ ਮਰੀਜ਼ ਪਾਏ ਗਏ ਹਨ। ਡਾਇਰੀਆਂ ਦੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿਨਾਂ ਵਿੱਚੋਂ ਕੁਝ ਮਰੀਜ਼ਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਡਾਕਟਰਾਂ ਵੱਲੋਂ ਉਹਨਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਰੋਪੜ, ਖਰੜ ਅਤੇ ਮੋਹਾਲੀ ਤੇ ਸੈਕਟਰ 32 ਦੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ।
ਉੱਥੇ ਹੀ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਵਾਰਡ ਦੇ ਮਰੀਜ਼ਾਂ ਨੂੰ ਦਵਾਈਆਂ ਆਦਿ ਦੇਣ ਲਈ ਮਹੱਲੇ ਵਿੱਚ ਹੀ ਰਾਹਤ ਕੈਂਪ ਲਗਾਉਣਾ ਪਿਆ । ਇਸ ਵਾਰਡ ਵਿੱਚ ਡਾਇਰੀਆ ਫੈਲਣ ਕਾਰਨ ਪੂਰੇ ਸ਼ਹਿਰ ਵਿੱਚ ਹੀ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ 'ਤੇ ਐਸਡੀਐਮ ਮੋਰਿੰਡਾ ਸੁਖਪਾਲ ਸਿੰਘ ਵੱਲੋਂ ਹਦਾਇਤਾਂ ਦੇਣ ਉਪਰੰਤ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਇਸ ਵਾਰਡ ਵਿੱਚ ਘਰ ਘਰ ਸਰਵੇਖਣ ਕੀਤਾ ਗਿਆ ਜਿਸ ਦੌਰਾਨ ਹਰੇਕ ਘਰ ਵਿੱਚ ਇੱਕ ਜਾਂ ਦੋ ਮਰੀਜ਼ ਡਾਇਰੀਆ ਤੋਂ ਪੀੜਤ ਪਾਏ ਗਏ ਜਿਨਾਂ ਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਮੈਡੀਕਲ ਸਹਾਇਤਾ ਮੁਹਈਆ ਕਰਵਾਈ ਜਾ ਰਹੀ ਹੈ।
ਸ਼ਹਿਰ ਵਿੱਚ ਡਾਇਰੀਆ ਫੈਲਣ ਬਾਰੇ ਪਤਾ ਚੱਲਦਿਆਂ ਹੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਏਡੀਸੀ ਜਨਰਲ ਸ਼੍ਰੀਮਤੀ ਪੂਜਾ ਸਿਆਲ ਗਰਗ, ਸਿਵਲ ਸਰਜਨ ਰੂਪਨਗਰ ਡਾਕਟਰ ਤਰਸੇਮ ਸਿੰਘ ਅਤੇ ਐਸਡੀਐਮ ਸੁਖਪਾਲ ਸਿੰਘ ਵੱਲੋਂ ਜਿੱਥੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਟੀਮ ਨਾਲ ਜੋਗੀਆਂ ਵਾਲਾ ਮਹੱਲੇ ਦਾ ਦੌਰਾ ਕੀਤਾ ਗਿਆ। ਉੱਥੇ ਸਿਹਤ ਵਿਭਾਗ ,ਨਗਰ ਕੌਂਸਲ ਮੋਰਿੰਡਾ ਅਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਕਿ ਘਰ ਘਰ ਜਾਂਦੇ ਪਾਣੀ ਦੀ ਸਪਲਾਈ ਵਿੱਚ ਜੇਕਰ ਕਿਸੇ ਪਾਸੇ ਵੀ ਕੋਈ ਲੀਕੇਜ ਹੈ ਤਾਂ ਉਸਨੂੰ ਤੁਰੰਤ ਦੂਰ ਕਰਕੇ ਲੋਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮਿਲਣਾ ਯਕੀਨੀ ਬਣਾਇਆ ਜਾਵੇ।
ਡਾਕਟਰ ਪ੍ਰੀਤੀ ਯਾਦਵ ਵੱਲੋਂ ਐੱਸਡੀਐੱਮ ਮੋਰਿੰਡਾ ਨੂੰ ਹਦਾਇਤ ਕਰਦਿਆਂ ਸ਼ਹਿਰ ਵਿੱਚ ਜਭ ਫਾਸਟ ਫੂਡ ਦੀਆਂ ਰੇਹੜੀਆਂ ਜਾਂ ਦੁਕਾਨਾਂ ਦੇ ਸਿਹਤ ਵਿਭਾਗ ਕੋਲੋਂ ਸੈਂਪਲਿੰਗ ਕਰਵਾਉਣ ਲਈ ਕਿਹਾ ਗਿਆ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੀ ਦਹਿਸ਼ਤ ਵਿੱਚ ਨਾ ਆਉਣ ਪ੍ਰਸ਼ਾਸਨ ਇਸ ਤੇ ਤੇਜ਼ੀ ਨਾਲ ਕਾਰਵਾਈ ਕਰ ਰਿਹਾ ਹੈ।