
ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਗਿਆ ਸੀ ਬਜ਼ੁਰਗ ਜੋੜਾ
Hoshiarpur News : ਹੁਸ਼ਿਆਰਪੁਰ ਦੇ ਚਗਰਾਂ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਨੇ ਐਕਟਿਵਾ ਸਵਾਰ ਬਜ਼ੁਰਗ ਜੋੜੇ ਨੂੰ ਟੱਕਰ ਮਾਰ ਦਿੱਤੀ ਹੈ। ਬੇਕਾਬੂ ਹੋਈ ਕਾਰ ਨੇ ਕਈ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਇਸ ਹਾਦਸੇ 'ਚ ਐਕਟਿਵਾ ਸਵਾਰ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ, ਜਦਕਿ ਔਰਤ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਪਿੰਡ ਨੰਦਨ ਦੇ ਸਾਬਕਾ ਸਰਪੰਚ ਸੁਖਵੀਰ ਸਿੰਘ ਨੇ ਦੱਸਿਆ ਕਿ ਪਿੰਡ ਨੰਦਨ ਦਾ ਰਹਿਣ ਵਾਲਾ ਦਿਲਬਾਗ ਸਿੰਘ (75) ਆਪਣੀ ਪਤਨੀ ਪਰਮਜੀਤ ਕੌਰ (68) ਨਾਲ ਘਰੋਂ ਆਪਣੀ ਐਕਟਿਵਾ ’ਤੇ ਗੁਰਦੁਆਰਾ ਸ਼ਹੀਦਾਂ ਲੱਧੇਵਾਲ (ਮਾਹਿਲਪੁਰ) ਵਿਖੇ ਮੱਥਾ ਟੇਕਣ ਲਈ ਗਿਆ ਸੀ। ਜਦੋਂ ਉਹ ਦੇਰ ਸ਼ਾਮ ਵਾਪਸ ਆ ਰਿਹਾ ਸੀ ਤਾਂ ਪਿੰਡ ਚਗਰਾਂ ਦੇ ਅੱਡੇ 'ਤੇ ਮਾਹਿਲਪੁਰ ਵੱਲੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਸ ਦੀ ਐਕਟਿਵਾ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।
ਕਾਰ ਬੇਕਾਬੂ ਹੋ ਕੇ ਦੁਕਾਨਾਂ ਦੇ ਸਾਹਮਣੇ ਲੱਗੇ ਖੰਭੇ ਨਾਲ ਜਾ ਟਕਰਾਈ ਅਤੇ ਕਈ ਹੋਰ ਵਾਹਨਾਂ ਨੂੰ ਵੀ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਦਿਲਬਾਗ ਸਿੰਘ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਦਿਲਬਾਗ ਸਿੰਘ ਦੀ ਮੌਤ ਹੋ ਗਈ।
ਹਾਦਸੇ ਤੋਂ ਬਾਅਦ ਭੱਜ ਰਹੇ ਕਾਰ ਚਾਲਕ ਨੂੰ ਲੋਕਾਂ ਨੇ ਪਿੱਛਾ ਕਰਕੇ ਕਾਬੂ ਕਰ ਲਿਆ। ਸੂਚਨਾ ਮਿਲਣ ਤੋਂ ਬਾਅਦ ਥਾਣਾ ਚੱਬੇਵਾਲ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰ ਨੂੰ ਕਬਜ਼ੇ 'ਚ ਲੈ ਲਿਆ। ਪੁਲਸ ਨੇ ਦੋਸ਼ੀ ਕਾਰ ਚਾਲਕ ਨੂੰ ਹਿਰਾਸਤ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।