
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ
ਭਾਈ ਰੂਪਾ, 20 ਸਤੰਬਰ (ਰਾਜਿੰਦਰ ਸਿੰਘ ਮਰਾਹੜ): ਨੇੜਲੇ ਪਿੰਡ ਦਿਆਲਪੁਰਾ ਮਿਰਜਾ ਦੇ ਇਕ ਕਿਸਾਨ ਨੇ ਅਪਣੇ ਸਿਰ ਚੜ੍ਹੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਸਲਫ਼ਾਸ ਖਾ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਰਾਪਤ ਜਾਣਕਾਰੀ ਮੁਤਾਬਕ ਮਿ੍ਰਤਕ ਕਿਸਾਨ ਕਰਨੈਲ ਸਿੰਘ (65) ਪੁੱਤਰ ਚੰਨਣ ਸਿੰਘ 6 ਏਕੜ ਜ਼ਮੀਨ ਦਾ ਮਾਲਕ ਸੀ ਜਿਸ ਵਿਚੋਂ 4 ਏਕੜ ਜ਼ਮੀਨ ਪਹਿਲਾਂ ਹੀ ਵਿਕ ਚੁੱਕੀ ਸੀ ਅਤੇ ਇਸ ਉਪਰੰਤ ਵੀ ਉਸ ਸਿਰ ਕਰੀਬ ਸਾਢੇ 9 ਲੱਖ ਰੁਪਏ ਕਰਜਾ ਬਕਇਆ ਖੜ੍ਹਾ ਸੀ।
ਮਿ੍ਰਤਕ ਕਿਸਾਨ ਦੇ ਸਪੁੱਤਰਾਂ ਗਰਮੀਤ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਕਰਜੇ ਦੀ ਪ੍ਰੇਸ਼ਾਨੀਆਂ ਦੇ ਚਲਦਿਆਂ ਬੀਤੀ ਰਾਤ ਕਰਨੈਲ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਲਈ। ਇਸ ਬਾਰੇ ਪਤਾ ਲੱਗਣ ਉਤੇ ਪਰਵਾਰ ਵਲੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਜਾਇਆ ਗਿਆ ਪਰ ਉਥੇ ਜਾ ਕੇ ਉਸ ਦੀ ਮੌਤ ਹੋ ਗਈ। ਮਿ੍ਰਤਕ ਕਿਸਾਨ ਦਾ ਸਰਕਾਰੀ ਹਸਪਤਾਲ ਬਠਿੰਡਾ ਵਿਚ ਪੋਸਟ ਮਾਰਟਮ ਕਰਨ ਤੋਂ ਬਾਅਦ ਲਾਸ਼ ਵਾਰਸਾਂ ਨੂੰ ਦੇ ਦਿਤੀ ਗਈ ਹੈ। ਥਾਣਾ ਭਗਤਾ ਭਾਈ ਦੀ ਪੁਲੀਸ ਨੇ ਇਸ ਸਬੰਧ ਵਿਚ ਮਿ੍ਰਤਕ ਕਿਸਾਨ ਦੇ ਸਪੁੱਤਰ ਗੁਰਮੀਤ ਸਿੰਘ ਦੇ ਬਿਆਨਾਂ ਉਤੇ ਧਾਰਾ 174 ਦੀ ਕਾਰਵਾਈ ਕੀਤੀ ਹੈ।
ਮਿ੍ਰਤਕ ਕਿਸਾਨ ਦਾ ਅੰਤਮ ਸਸਕਾਰ ਪਿੰਡ ਦਿਆਲਪੁਰਾ ਮਿਰਜਾ ਵਿਖੇ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਆਗੂ ਪਰਸੋਤਮ ਮਹਿਰਾਜ, ਬਲਜਿੰਦਰ ਸਿੰਘ ਦਿਆਲਪੁਰਾ, ਚਮਕੌਰ ਸਿੰਘ ਬਾਜੇਵਾਲਾ, ਪੱਪੂ ਸਿੰਘ ਮਾਨ, ਜਸਪਾਲ ਸਿੰਘ ਧਾਲੀਵਾਲ ਆਦਿ ਨੇ ਇਸ ਘਟਨਾ ਉਤੇ ਦੁੱਖ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਕਿਸਾਨ ਸਿਰ ਚੜਿ੍ਹਆ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ।
20-1ਸੀimage