
ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਰਾਜਨੀਤੀ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ : ਵੈਂਕਈਆ ਨਾਇਡੂ
ਗੁਰੂਗ੍ਰਾਮ, 20 ਸਤੰਬਰ : ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਐਤਵਾਰ ਨੂੰ ਕਿਹਾ ਕਿ ਵੋਟ ਲਈ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂਕਿ ਇਸ ਨਾਲ ਦੇਸ਼ ’ਚ ਵੰਡ ਹੋਵੇਗੀ। ਕਿਸਾਨਾਂ ਦਾ ਪ੍ਰਸ਼ੰਸਾ ਕਰਦੇ ਹੋਏ ਨਾਇਡੂ ਨੇ ਕਿਹਾ ਕਿ ਖੇਤੀਬਾੜੀ ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ ਹੈ ਅਤੇ ਜਦੋਂ ਅਰਥਵਿਵਸਥਾ ਦੇ ਹੋਰ ਸਾਰੇ ਖੇਤਰਾਂ ਨੂੰ ਨੁਕਸਾਨ ਹੋਇਆ ਹੈ, ਖੇਤੀ ਖੇਤਰ ’ਚ ਉਤਪਾਦਨ ਲਗਾਤਾਰ 2 ਸਾਲਾਂ ਤਕ ਵਧਿਆ ਹੈ। ਉਨ੍ਹਾਂ ਕਿਹਾ,‘‘ਸਾਰੀਆਂ ਸਰਕਾਰਾਂ ਨੂੰ ਕਿਸਾਨਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਫ਼ਸਲਾਂ ਦੇ ਲਾਭਕਾਰੀ ਮੁੱਲ ਯਕੀਨੀ ਕਰਨੇ ਚਾਹੀਦੇ ਹਨ। ਕਿਸਾਨਾਂ ਅਤੇ ਸਰਕਾਰਾਂ ਵਿਚਾਲੇ ਹਮੇਸ਼ਾ ਗੱਲਬਾਤ ਹੋਣੀ ਚਾਹੀਦੀ ਹੈ।’’ ਨਾਇਡੂ ਨੇ ਕਿਹਾ,‘‘ਪਰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਰਾਜਨੀਤੀ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਜਦੋਂ ਇਸ ਨੂੰ ਵੋਟ ਨਾਲ ਜੋੜਿਆ ਜਾਂਦਾ ਹੈ ਤਾਂ ਹਮੇਸ਼ਾ ਵੰਡ ਹੁੰਦੀ ਹੈ। ਰਾਜਨੀਤੀ ਸਿਰਫ ਰਾਜਨੀਤਕ ਖੇਤਰ ’ਚ ਹੋਣੀ ਚਾਹੀਦੀ ਹੈ।’’
ਨਾਇਡੂ ਨੇ ਐਤਵਾਰ ਨੂੰ ਇਥੇ ਇਕ ਸਭਾ ’ਚ ਹਰਿਆਣਵੀ ਕਿਸਾਨ ਆਗੂ, ਸਰ ਛੋਟੂ ਰਾਮ ਦੇ ਜੀਵਨ ਅਤੇ ਲੇਖਨ ’ਤੇ 5 ਭਾਗਾਂ ਦੇ ਇਕੱਠੇ ਕੰਮਾਂ ਦੇ ਸ਼ੁਭ ਆਰੰਭ ਦੌਰਾਨ ਇਹ ਗੱਲ ਕਹੀ। ਨਾਇਡੂ ਨੇ ਅੱਗੇ ਕਿਹਾ ਕਿ ਹਾਲਾਂਕਿ ਲੋਕਾਂ ਨੂੰ ਸਰਕਾਰ ਤੋਂ ਸਵਾਲ ਕਰਨ ਦਾ ਅਧਿਕਾਰ ਹੈ ਪਰ ਉਨ੍ਹਾਂ ਨੂੰ ਨਵੇਂ ਵਿਚਾਰ ਪ੍ਰਾਪਤ ਕਰਨ ਲਈ ਤਿਆਰ ਰਹਿਣਾ ਚਾਹੀਦਾ। ਉਨ੍ਹਾਂ ਕਿਹਾ,‘‘ਪੂਰੇ ਦੇਸ਼ ਲਈ ਇਕ ਹੀ ਬਾਜ਼ਾਰ ਕਿਉਂ ਨਹੀਂ ਹੋ ਸਕਦਾ? ਇਹ ਹਾਸੋਹੀਣਾ ਹੈ ਕਿ ਤਾਮਿਲਨਾਡੂ ’ਚ ਆਂਧਰਾ ਪ੍ਰਦੇਸ਼ ਦੇ ਚੌਲ ਨਹੀਂ ਵੇਚੇ ਜਾ ਸਕਦੇ ਹਨ।’’ ਇਸ ਪ੍ਰੋਗਰਾਮ ’ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕਈ ਹੋਰ ਲੋਕ ਵੀ ਸ਼ਾਮਲ ਹੋਏ। ਦੱਸਣਯੋਗ ਹੈ ਕਿ ਕਿਸਾਨ ਪਿਛਲੇ ਸਾਲ 26 ਨਵੰਬਰ ਤੋਂ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁਧ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਆਗੂਆਂ ਅਤੇ ਕੇਂਦਰ ਨੇ ਕਈ ਦੌਰ ਦੀ ਗੱਲਬਾਤ ਕੀਤੀ ਹੈ ਪਰ ਗਤੀਰੋਧ ਬਣਿਆ ਹੋਇਆ ਹੈ। (ਏਜੰਸੀ)