
ਰਾਜਬੀਰ ਸਿੰਘ ਰਿਕਸ਼ੇਵਾਲਾ ਦਾ ਸਨਮਾਨ, ਸਪੋਕਸਮੈਨ ਦੇ ਪਾਠਕਾਂ ਲਈ ਮਾਣ ਵਾਲੀ ਗੱਲ : ਬਲਵਿੰਦਰ ਸਿੰਘ ਮਿਸ਼ਨਰੀ
ਕਿਹਾ, ‘ਰਿਕਸ਼ੇ ’ਤੇ ਚਲਦੀ ਜ਼ਿੰਦਗੀ’ ਪੁਸਤਕ ਮਿਲ
ਫ਼ਰੀਦਕੋਟ, 20 ਸਤੰਬਰ (ਗੁਰਿੰਦਰ ਸਿੰਘ) : ਬਾਬਾ ਫ਼ਰੀਦ ਵਿਦਿਅਕ ਤੇ ਧਾਰਮਕ ਸੰਸਥਾਵਾਂ ਫ਼ਰੀਦਕੋਟ ਵਲੋਂ ਇਸ ਸਾਲ ਬਾਬਾ ਫ਼ਰੀਦ ਆਗਮਨ ਪੁਰਬ ਮੌਕੇ 23 ਸਤੰਬਰ ਨੂੰ ਭਗਤ ਪੂਰਨ ਸਿੰਘ ਮਨੁੱਖੀ ਸੇਵਾ ਐਵਾਰਡ ਨਾਲ ਰਾਜਬੀਰ ਸਿੰਘ ਰਿਕਸ਼ੇਵਾਲਾ ਨੂੰ ਸਨਮਾਨਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਰਾਜਬੀਰ ਸਿੰਘ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਅੰਤਰਰਾਸ਼ਟਰੀ ਧਾਰਮਕ ਤੇ ਚੈਰੀਟੇਬਲ ਸੰਸਥਾ ਦੇ ਮੁਢਲੇ ਮੈਂਬਰਾਂ ਵਿਚੋਂ ਇਕ ਹਨ। ਇਸ ਸੰਸਥਾ ਤੋਂ ਪ੍ਰੇਰਨਾ ਲੈ ਕੇ ਤੇ ਬਾਬੇ ਨਾਨਕ ਦੇ ‘ਕਿਰਤ ਕਰੋ-ਵੰਡ ਛਕੋ’ ਦੇ ਸਿਧਾਂਤ ’ਤੇ ਪਹਿਰਾ ਦਿੰਦਿਆਂ ਇਸ ਰਿਕਸ਼ੇਵਾਲਾ ਵਲੋਂ ਰਿਕਸ਼ੇ ਦੀ ਸੀਟ ਹੇਠਾਂ ਰੱਖੀ ਦਸਵੰਧ-ਸੰਭਾਲ ਗੁਰੂ ਦੀ ਗੋਲਕ ਵਿਚੋਂ ਲਗਾਤਾਰ 10 ਸਾਲਾਂ ਤੋਂ ਗ਼ਰੀਬ ਤੇ ਲੋੜਵੰਦਾਂ ਦੀ ਸਹਾਇਤਾ ਲਈ ਤੁਰਤ ਮਦਦ ਕੀਤੀ ਜਾ ਰਹੀ ਹੈ। ਗ਼ਰੀਬ, ਬਿਮਾਰ, ਬੇਵੱਸ ਅਤੇ ਲੋੜਵੰਦਾਂ ਦੀ ਭਾਲ ਕਰ ਕੇ ਤੇ ਤੁਰਤ ਪਹੁੰਚ ਕਰ ਕੇ ਦਵਾ-ਦਾਰੂ, ਰਾਸ਼ਨ ਕਪੜੇ, ਸਕੂਲੀ ਪੁਸਤਕਾਂ ਤੇ ਵਰਦੀਆਂ ਸਮੇਤ ਕੋਰੋਨਾ ਸਮੇਂ ਘਰ-ਘਰ ਰਾਸ਼ਨ ਵੰਡਨ ਦੇ ਸੇਵਾ ਕਾਰਜਾਂ ਨੂੰ ਅਮਲੀਜਾਮਾ ਦੇ ਰਿਹਾ ਹੈ।
ਰਾਜਬੀਰ ਸਿੰਘ ਦੇ ਸੇਵਾ ਕਾਰਜਾਂ ਨੂੰ ਦਰਸਾਉਂਦਿਆਂ ਲੇਖ, ਰੋਜ਼ਾਨਾ ਸਪੋਕਸਮੈਨ ਰਾਹੀਂ ਅਕਸਰ ਹੀ ਪਾਠਕਾਂ ਦੇ ਰੂਬਰੂ ਹੁੰਦੇ ਰਹਿੰਦੇ ਹਨ, ਜੋ ਹੁਣ ਉਸ ਦੀ ਖ਼ੁਦ ਦੀ ਲਿਖੀ ਪੁਸਤਕ ‘ਰਿਕਸ਼ੇ ’ਤੇ ਚਲਦੀ ਜਿੰਦਗੀ’ ਵਿਚ ਛਪ ਚੁੱਕੇ ਹਨ। ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਗਵਰਨਿੰਗ ਕੌਂਸਲ ਦੇ ਮੈਂਬਰ ਅਤੇ ਏਕਸ ਕੇ ਬਾਰਕ ਦੇ ਕਨਵੀਨਰ ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਨੇ ਬਾਬਾ ਫ਼ਰੀਦ ਸੰਸਥਾਵਾਂ ਫ਼ਰੀਦਕੋਟ ਦੀ ਸਮੁੱਚੀ ਮੈਨੇਜਮੈਂਟ ਦਾ ਧਨਵਾਦ ਕਰਦਿਆਂ ਦਸਿਆ ਕਿ ਰਾਜਬੀਰ ਸਿੰਘ ਰਿਕਸ਼ੇਵਾਲਾ ਦੀ ਉਕਤ ਪੁਸਤਕ 22 ਅਤੇ 23 ਸਤੰਬਰ ਨੂੰ ਗੁਰਦਵਾਰਾ ਗੋਦੜੀ ਸਾਹਿਬ ਵਿਖੇ ਪੁਸਤਕ-ਪ੍ਰਦਰਸ਼ਨੀ ਤੋਂ ਪ੍ਰਾਪਤ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ,‘‘ਜਿਥੇ ਮੈਂ ਰਾਜਬੀਰ ਸਿੰਘ ਰਿਕਸ਼ੇਵਾਲਾ ਨੂੰ ਫ਼ਰੀਦਕੋਟ ਆਉਣ ’ਤੇ ਜੀ ਆਇਆਂ ਕਹਿੰਦਾ ਹਾਂ, ਉੱਥੇ ਇੰਦਰਜੀਤ ਸਿੰਘ ਖ਼ਾਲਸਾ ਚੇਅਰਮੈਨ ਤੇ ਬਾਬਾ ਫ਼ਰੀਦ ਸੁਸਾਇਟੀ ਦਾ ਵੀ ਦਿਲੋਂ ਧਨਵਾਦੀ ਹਾਂ, ਜਿਨ੍ਹਾਂ ਦੀ ਪਾਰਖੂ-ਅੱਖ ਨੇ ਇਸ ਵਾਰ ‘ਮਾਝੇ ਦੇ ਮੋਤੀ’ ਰਾਜਬੀਰ ਸਿੰਘ ਰਿਕਸ਼ੇਵਾਲੇ ਨੂੰ ਪਛਾਣ ਕੇ ਭਗਤ ਪੂਰਨ ਸਿੰਘ ਮਨੁੱਖੀ ਸੇਵਾ ਐਵਾਰਡ ਦੇਣ ਲਈ ਚੋਣ ਕੀਤੀ ਹੈ।