- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਰਾਜ ਵਿੱਚ ਭਰੂਣ ਹੱਤਿਆ ਦੇ ਖਾਤਮੇ ਲਈ ਵਚਨਬੱਧ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਭਰੂਣ ਹੱਤਿਆ ਦੀ ਲਾਹਣਤ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਖਰੜ, ਡੇਰਾਬਸੀ ਅਤੇ ਮੋਗਾ ਨਾਲ ਸਬੰਧਤ ਤਿੰਨ ਗੈਰ-ਕਾਨੂੰਨੀ ਲਿੰਗ ਨਿਰਧਾਰਨ ਰੈਕੇਟਾਂ ਦਾ ਪਰਦਾਫਾਸ਼ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਉਕਤ ਥਾਵਾਂ ’ਤੇ ਕੀਤੇ ਜਾ ਰਹੇ ਗੈਰ-ਕਾਨੂੰਨੀ ਲਿੰਗ ਨਿਰਧਾਰਨ ਟੈਸਟਾਂ ਸਬੰਧੀ ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਲੁਧਿਆਣਾ ਅਤੇ ਬਰਨਾਲਾ ਦੀਆਂ ਸਿਹਤ ਟੀਮਾਂ ਨੇ ਇਨ੍ਹਾਂ ਰੈਕੇਟਾਂ ਦਾ ਪਰਦਾਫਾਸ਼ ਕਰਨ ਲਈ ਵਿਸ਼ੇਸ਼ ਅਭਿਆਨ ਚਲਾਇਆ। ਉਨ੍ਹਾਂ ਕਿਹਾ, “ਸਾਡੀਆਂ ਸਿਹਤ ਟੀਮਾਂ ਨੇ ਪੁਲਿਸ ਟੀਮਾਂ ਦੇ ਨਾਲ ਮਿਲਕੇ ਗਰਭਵਤੀ ਔਰਤ ਨੂੰ ਇਨ੍ਹਾਂ ਕੇਂਦਰਾਂ ਵਿੱਚ ਭੇਜਿਆ ਅਤੇ ਇਨ੍ਹਾਂ ਸੈਂਟਰਾਂ ‘ਤੇ ਲਿੰਗ ਨਿਰਧਾਰਨ ਟੈਸਟ ਕਰਵਾਉਂਦੇ ਹੋਏ ਦੋਸ਼ੀਆਂ ਨੂੰ ਰੰਗੇ ਕਾਬੂ ਕੀਤਾ।
ਡਾ: ਬਲਬੀਰ ਸਿੰਘ ਨੇ ਦੱਸਿਆ ਕਿ ਡੇਰਾਬੱਸੀ ’ਚ ਵੀ ਇੱਕ ਅਖ਼ੌਤੀ ਹਕੀਮ ਵੀ ਫੜਿਆ ਗਿਆ ਹੈ, ਜੋ ਲੋਕਾਂ ਨੂੰ ਕੋਈ ਸਪੈਸ਼ਲ ਦਵਾਈ ਦੇ ਕੇ ਮੁੰਡਾ ਪੈਦਾ ਹੋਣ ਦਾ ਝਾਂਸਾ ਦੇ ਕੇ ਵਰਗਲਾਉਂਦਾ ਸੀ। ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ: ਹਿਤਿੰਦਰ ਕੌਰ ਨੇ ਸਹਾਇਕ ਨਿਰਦੇਸ਼ਕ ਡਾ: ਵਿਨੀਤ ਨਾਗਪਾਲ ਦੇ ਯਤਨਾਂ , ਜਿਨ੍ਹਾਂ ਨੇ ਰਾਜ ਪੱਧਰ ’ਤੇ ਇਸ ਛਾਪੇਮਾਰੀ ਦੀ ਨਿਗਰਾਨੀ ਕੀਤੀ ਅਤੇ ਦੋਵੇਂ ਸਿਵਲ ਸਰਜਨਾਂ- ਲੁਧਿਆਣਾ ਅਤੇ ਬਰਨਾਲਾ,ਦੀ ਸ਼ਲਾਘਾ ਕੀਤੀ ।
ਉਨ੍ਹਾਂ ਦੱਸਿਆ ਕਿ ਬਰਨਾਲਾ ਦੀ ਟੀਮ ਨੇ ਮੋਗਾ ਵਿੱਚ ਕੀਤੀ ਛਾਪੇਮਾਰੀ ਦੌਰਾਨ ਮੌਕੇ ਤੋਂ ਇੱਕ ਗੈਰ-ਰਜਿਸਟਰਡ ਅਲਟਰਾਸਾਊਂਡ ਮਸ਼ੀਨ ਅਤੇ ਲਿੰਗ ਨਿਰਧਾਰਨ ਟੈਸਟ ਕਰਨ ਲਈ ਦੋਸ਼ੀਆਂ ਨੂੰ ਅਦਾ ਕੀਤੀ 15000 ਰੁਪਏ ਦੀ ਰਾਸ਼ੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਮੌਕੇ ਤੋਂ ਗਰਭਪਾਤ ਕਰਵਾਉਣ ਲਈ ਵਰਤੇ ਜਾਂਦੇ ਹੋਰ ਯੰਤਰ ਅਤੇ ਦਵਾਈਆਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਲੁਧਿਆਣਾ ਦੀ ਟੀਮ ਵੱਲੋਂ ਖਰੜ ਵਿੱਚ ਕੀਤੀ ਛਾਪੇਮਾਰੀ ਦੌਰਾਨ ਇੱਕ ਗਾਇਨੀਕਾਲੋਜਿਸਟ ਅਤੇ ਦੋ ਹੋਰ ਵਿਅਕਤੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ, ਜਦਕਿ ਤਿੰਨਾਂ ਮਾਮਲਿਆਂ ਵਿੱਚ ਮੁਲਜ਼ਮਾਂ ਖ਼ਿਲਾਫ਼ ਪੀਸੀ-ਪੀਐਨਡੀਟੀ ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ।