Punjab News: ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਤੇ ਕੇਂਦਰ ਸਰਕਾਰ ਨੂੰ ਦਿਤੀ ਫ਼ਿਲਮ ਨਾ ਚੱਲਣ ਦੇਣ ਦੀ ਚੇਤਾਵਨੀ
: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਐਮਰਜੈਂਸੀ ਫ਼ਿਲਮ ਸਿਰਫ਼ ਸਿੱਖਾਂ ਦਾ ਅਕਸ਼ ਵਿਗਾੜਨ ਲਈ ਬਣਾਈ ਹੈ। ਜਦਕਿ ਐਮਰਜੈਂਸੀ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਹੀਂ ਹੋਈ ਸੀ।
ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਹਿਤੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕੰਗਨਾ ਦੀ ਫ਼ਿਲਮ ਵਿਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਅਤੇ ਸਿੱਖਾਂ ਬਾਰੇ ਗ਼ਲਤ ਟਿੱਪਣੀਆਂ ਕੀਤੀਆਂ ਗਈਆਂ ਹਨ। ਜਦਕਿ ਐਮਰਜੈਂਸੀ ਲੱਗਣ ਵੇਲੇ ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਹੀ ਦਮਦਮੀ ਟਕਸਾਲ ਦੇ ਮੁਖੀ ਸਨ ਅਤੇ ਸੰਤ ਜਰਨੈਲ ਸਿੰਘ ਸਿਰਫ਼ ਡੇਰੇ ਦੇ ਸੇਵਾਦਾਰ ਸਨ। ਪਰ ਫ਼ਿਲਮ ਦੇ ਟ੍ਰੇਲਰ ਵਿਚ ਸੰਤ ਜਰਨੈਲ ਸਿੰਘ ਵਲੋਂ ਖ਼ਾਲਿਸਤਾਨ ਦੀ ਮੰਗ ਕਰਦੇ ਅਤੇ ਉਨ੍ਹਾਂ ਦੇ ਨਾਲ 10-15 ਮੁੰਡਿਆਂ ਨੂੰ ਹੱਥਾਂ ਵਿਚ ਅਸਾਲਟ ਰਾਇਫ਼ਲਾਂ ਫੜੇ ਬੰਦੇ ਮਾਰਦੇ ਹੋਏ ਦਿਖਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਐਮਰਜੈਂਸੀ ਵੇਲੇ ਤਾਂ ਕੰਗਨਾ ਪੈਦਾ ਵੀ ਨਹੀਂ ਹੋਈ ਸੀ। ਉਸਨੂੰ ਇਹ ਪਤਾ ਹੀ ਨਹੀਂ ਕਿ ਅਸਲੀ ਐਮਰਜੈਂਸੀ ਵਿਚ ਕੋਈ ਹਿੰਸਾ ਨਹੀਂ ਹੋਈ ਸੀ। ਕਿਉਂਕਿ ਇੰਦਰਾ ਗਾਂਧੀ ਨੇ ਸਾਰੀਆਂ ਪਾਰਟੀਆਂ ਦੇ ਰਾਜਨੀਤਕ ਆਗੂਆਂ ਨੂੰ ਨਜ਼ਰਬੰਦ ਤੇ ਗ੍ਰਿਫ਼ਤਾਰ ਕਰ ਲਿਆ ਸੀ। ਉਸ ਵੇਲੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਆਗੂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਸਿਰਫ਼ ਸਿੱਖਾਂ ਦਾ ਅਕਸ ਵਿਗਾੜਨ ਲਈ ਐਮਰਜੈਂਸੀ ਵਿਚ ਖ਼ਾਲਿਸਤਾਨ ਦੀ ਮੰਗ ਦਿਖਾਈ ਗਈ। ਜਦਕਿ ਸੰਤ ਜਰਨੈਲ ਸਿੰਘ, ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਨੇ ਕਦੇ ਵੀ ਖ਼ਾਲਿਸਤਾਨ ਦੀ ਮੰਗ ਨਹੀਂ ਕੀਤੀ। ਅਸੀਂ ਸਿਰਫ਼ ਪੰਜਾਬ ਲਈ ਵੱਧ ਅਧਿਕਾਰ ਦੇਣ ਦੀ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਇਤਿਹਾਸ ਨੂੰ ਤੋੜ ਕੇ ਬਣੀ ਕਿਸੇ ਫ਼ਿਲਮ ਨੂੰ ਸ਼੍ਰੋਮਣੀ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਅਕਸ ਨੂੰ ਵਿਗਾੜਨ ਵਾਲੀ ਇਹ ਫ਼ਿਲਮ ਕਿਸੇ ਵੀ ਕੀਮਤ ਤੇ ਚੱਲਣ ਨਹੀਂ ਦਿਤੀ ਜਾਵੇਗੀ।