
ਇਹ ਫ਼ੈਸਲਾ ਜਸਟਿਸ ਹਰਸਿਮਰਨ ਸਿੰਘ ਸੇਠੀ ਤੇ ਜਸਟਿਸ ਵਿਕਾਸ ਸੂਰੀ ਦੇ ਬੈਂਚ ਨੇ ਹੌਲਦਾਰ ਕੌਲਵੰਤ ਸਿੰਘ ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਸੁਣਾਇਆ।
Punjab and Haryana High Court News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਹੱਤਵਪੂਰਨ ਫ਼ੈਸਲੇ ’ਚ ਸਾਫ਼ ਕੀਤਾ ਕਿ ਜੇਕਰ ਕੋਈ ਫ਼ੌਜੀ ਸ਼ਰਾਬ ਦੇ ਨਸ਼ੇ ’ਚ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਦੀ ਵਿਕਲਾਂਗਤਾ ਨੂੰ ਫ਼ੌਜੀ ਸੇਵਾ ਨਾਲ ਜੁੜਿਆ ਨਹੀਂ ਮੰਨਿਆ ਜਾਵੇਗਾ ਤੇ ਉਹ ਵਿਕਲਾਂਗਤਾ ਪੈਨਸ਼ਨ ਦਾ ਹੱਕਦਾਰ ਨਹੀਂ ਹੋਵੇਗਾ। ਇਹ ਫ਼ੈਸਲਾ ਜਸਟਿਸ ਹਰਸਿਮਰਨ ਸਿੰਘ ਸੇਠੀ ਤੇ ਜਸਟਿਸ ਵਿਕਾਸ ਸੂਰੀ ਦੇ ਬੈਂਚ ਨੇ ਹੌਲਦਾਰ ਕੌਲਵੰਤ ਸਿੰਘ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਸੁਣਾਇਆ।
ਪਟੀਸ਼ਨਰ ਨੇ ਆਰਮਡ ਫੋਰਸਿਜ਼ ਟ੍ਰਿਬਿਊਨਲ (ਦਿੱਲੀ ਬੈਂਚ) ਦੇ ਉਸ ਹੁਕਮ ਨੂੰ ਚੁਨੌਤੀ ਦਿਤੀ ਸੀ, ਜਿਸ ਵਿਚ ਉਸ ਦੀ ਵਿਕਲਾਂਗਤਾ ਨੂੰ ਫ਼ੌਜੀ ਸੇਵਾ ਨਾਲ ਅਸਬੰਧਤ ਮੰਨਿਆ ਗਿਆ ਸੀ ਤੇ ਪੈਨਸ਼ਨ ਦੇ ਲਾਭ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਸੀ। ਜਨਵਰੀ 1999 ’ਚ ਹੌਲਦਾਰ ਕੌਲਵੰਤ ਸਿੰਘ ਇਕ ਜੂਨੀਅਰ ਕਮਿਸ਼ਨਡ ਅਫ਼ਸਰ ਨੂੰ ਰੇਲਵੇ ਸਟੇਸ਼ਨ ਛੱਡਣ ਲਈ ਸਕੂਟਰ ’ਤੇ ਲੈ ਜਾ ਰਹੇ ਸਨ। ਇਸ ਦੌਰਾਨ ਉਸ ਨਾਲ ਹਾਦਸਾ ਹੋ ਗਿਆ ਤੇ ਉਸ ਦੀ ਲੱਤ ਦੀਆਂ ਹੱਡੀਆਂ ਟੁੱਟ ਗਈਆਂ। ਮੈਡੀਕਲ ਬੋਰਡ ਨੇ ਉਸ ਨੂੰ 30 ਫ਼ੀ ਸਦੀ ਵਿਕਲਾਂਗ ਐਲਾਨ ਦਿਤਾ। ਸਿੰਘ ਦੀ ਦਲੀਲ ਸੀ ਕਿ ਇਹ ਹਾਦਸਾ ਉਸ ਦੇ ਸੀਨੀਅਰ ਅਧਿਕਾਰੀ ਦੇ ਹੁਕਮ ਦੀ ਪਾਲਣਾ ਕਰਦੇ ਸਮੇਂ ਹੋਇਆ, ਇਸ ਲਈ ਇਸਨੂੰ ਸੇਵਾ ਸਬੰਧੀ ਮੰਨਿਆ ਜਾਣਾ ਚਾਹੀਦਾ ਹੈ।
ਉਸ ਦੇ ਵਕੀਲ ਨੇ ਦਲੀਲ ਦਿਤੀ ਕਿ ਪੈਨਸ਼ਨ ਨਿਯਮਾਂ ਮੁਤਾਬਕ ਜੇਕਰ ਵਿਕਲਾਂਗਤਾ 20 ਪ੍ਰਤੀਸ਼ਤ ਤੋਂ ਵੱਧ ਹੈ ਅਤੇ ਫ਼ੌਜੀ ਸੇਵਾ ਨਾਲ ਜੁੜੀ ਹੈ ਤਾਂ ਵਿਕਲਾਂਗਤਾ ਪੈਨਸ਼ਨ ਮਿਲਣੀ ਚਾਹੀਦੀ ਹੈ। ਸਿੰਘ ਨੇ ਕਿਹਾ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ, ਫਿਰ ਵੀ ਉਹ ਸੀਨੀਅਰ ਦੇ ਹੁਕਮ ’ਤੇ ਜਾਣ ਲਈ ਮਜਬੂਰ ਹੋਏ ਸਨ। ਫ਼ੌਜ ਨੇ ਦਾਅਵਾ ਕੀਤਾ ਕਿ ਸਿੰਘ ਬਿਨਾਂ ਗੇਟ ਪਾਸ ਦੇ ਯੂਨਿਟ ਤੋਂ ਬਾਹਰ ਨਿਕਲੇ ਸਨ, ਉਸ ਸਮੇਂ ਉਹ ਸ਼ਰਾਬ ਦੇ ਨਸ਼ੇ ’ਚ ਸਨ ਅਤੇ ਖ਼ੁਦ ਸਕੂਟਰ ਚਲਾ ਰਹੇ ਸਨ। ਇਸ ਲਈ ਇਹ ਹਾਦਸਾ ਫ਼ੌਜੀ ਕਰਤੱਵਾਂ ਦੇ ਦਾਇਰੇ ਵਿਚ ਨਹੀਂ ਆਉਂਦਾ। ਹਾਈ ਕੋਰਟ ਨੇ ਮੰਨਿਆ ਕਿ ਭਾਵੇਂ ਸੀਨੀਅਰ ਅਧਿਕਾਰੀ ਨੇ ਹੁਕਮ ਦਿਤਾ ਹੋਵੇ, ਪਰ ਸ਼ਰਾਬ ਪੀ ਚੁੱਕੇ ਫ਼ੌਜੀ ਨੂੰ ਗੱਡੀ ਚਲਾਉਣ ਤੋਂ ਇਨਕਾਰ ਕਰਨਾ ਚਾਹੀਦਾ ਸੀ ਜਾਂ ਅਪਣੇ ਸੀਨੀਅਰ ਨੂੰ ਜਾਣੂ ਕਰਵਾਉਣਾ ਚਾਹੀਦਾ ਸੀ।
ਸ਼ਰਾਬ ਦੇ ਨਸ਼ੇ ’ਚ ਵਾਹਨ ਚਲਾਉਣਾ ਕਿਸੇ ਵੀ ਸਥਿਤੀ ’ਚ ਠੀਕ ਨਹੀਂ ਮੰਨਿਆ ਜਾ ਸਕਦਾ। ਬੈਂਚ ਨੇ ਕਿਹਾ, “ਪਟੀਸ਼ਨਰ ਸ਼ਰਾਬ ਦੇ ਨਸ਼ੇ ’ਚ ਸਕੂਟਰ ਚਲਾ ਰਿਹਾ ਸੀ। ਇਸ ਸੰਦਰਭ ’ਚ ਟ੍ਰਿਬਿਊਨਲ ਦਾ ਇਹ ਨਤੀਜਾ ਕਿ ਇਹ ਸੱਟ ਫ਼ੌਜੀ ਸੇਵਾ ਨਾਲ ਸਬੰਧਤ ਨਹੀਂ ਹੈ, ਤੱਥਾਂ ਮੁਤਾਬਕ ਹੈ। ਇਸ ਵਿਚ ਕਿਸੇ ਵੀ ਤਰ੍ਹਾਂ ਦੀ ਗ਼ਲਤੀ ਨਹੀਂ ਹੈ।”
(For more news apart from “Punjab and Haryana High Court News, ” stay tuned to Rozana Spokesman.)