
ਸਰਕਟ ਹਾਊਸ 'ਚ ਪ੍ਰੈੱਸ ਕਾਨਫ਼ਰੰਸ ਕਰਨ ਤੋਂ ਪਹਿਲਾਂ ਕਿਸਾਨਾਂ ਨੇ ਘੇਰਿਆ ਵਿਜੇ ਸਾਂਪਲਾ
ਜਲੰਧਰ, 20 ਅਕਤੂਬਰ (ਲਖਵਿੰਦਰ ਸਿੰਘ) : ਮੰਗਲਵਾਰ ਨੂੰ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਵਿਰੁਧ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦਾ ਘਿਰਾਉ ਕੀਤਾ ਗਿਆ। ਅੱਜ ਦੁਪਹਿਰ ਤਿੰਨ ਵਜੇ ਵਿਜੇ ਸਾਂਪਲਾ ਸਥਾਨਕ ਸਰਕਟ ਹਾਊਸ ਵਿਖੇ ਪ੍ਰੈੱਸ ਕਾਨਫ਼ਰੰਸ ਕਰਨ ਵਾਲੇ ਸਨ। ਇਸ ਦੀ ਜਾਣਕਾਰੀ ਮਿਲਣ 'ਤੇ ਕਿਸਾਨਾਂ ਵਲੋਂ 2.30 ਵਜੇ ਹੀ ਸਰਕਟ ਹਾਊਸ ਦਾ ਘਿਰਾਉ ਕਰ ਲਿਆ ਗਿਆ। ਇਸ ਸਮੇਂ ਵਿਜੇ ਸਾਂਪਲਾ ਦੀ ਪ੍ਰੈਸ ਕਾਨਫ਼ਰੰਸ ਜਾਰੀ ਸੀ ਅਤੇ ਕਿਸਾਨਾਂ ਵਲੋਂ ਸਰਕਟ ਹਾਊਸ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਕਿਸਾਨਾਂ ਤੇ ਪੁਲਿਸ 'ਚ ਹੋਈ ਧੱਕਾ-ਮੁੱਕੀ, ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਕਰ ਰਹੇ, ਕਿਸਾਨ ਲਗਾਤਾਰ ਪੰਜਾਬ 'ਚ ਆਗੂਆਂ ਦਾ ਘਿਰਾਉ ਕਰ ਰਹੇ ਹਨ। ਸਰਕਟ ਹਾਊਸ 'ਚ ਭਾਜਪਾ ਆਗੂਆਂ ਦੇ ਪਹੁੰਚਣ ਦੀ ਜਾਣਕਾਰੀ ਮਿਲਣ 'ਤੇ ਵੱਡੀ ਗਿਣਤੀ 'ਚ ਕਿਸਾਨ ਸੰਗਠਨਾਂ ਦੇ ਮੈਂਬਰ ਉੱਥੇ ਪਹੁੰਚ ਗਏ। ਫਿਲਹਾਲ ਪੁਲਿਸ ਭੀੜ ਨੂੰ ਕੰਟਰੋਲ ਕਰਨ ਦਾ ਯਤਨ ਕਰ ਰਹੀ ਹੈ।