
ਸਿੱਖ ਸੰਗਤਾਂ ਕਰ ਸਕਣਗੀਆਂ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ, ਪਾਕਿਸਤਾਨ ਸਰਕਾਰ ਨੇ ਦਿਤੀ ਮਨਜ਼ੂਰੀ
ਚੰਡੀਗੜ੍ਹ, 20 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ): ਪਾਕਿਸਤਾਨ ਸਰਕਾਰ ਨੇ ਸਿੱਖ ਸੰਗਤਾਂ ਨੂੰ ਵੱਡੀ ਖ਼ੁਸ਼ਖ਼ਬਰੀ ਦਿਤੀ ਹੈ ਦਰਅਸਲ ਕੋਵਿਡ-19 ਦੀ ਵਜ੍ਹਾ ਕਰ ਕੇ ਇਸ ਸਾਲ ਸਿੱਖ ਜਥਾ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਨਹੀਂ ਕਰ ਸਕਿਆ ਸੀ। ਹੁਣ ਪਾਕਿਸਤਾਨ ਦੇ ਨਾਲ ਭਾਰਤ ਵਿਚ ਕੋਵਿਡ ਘੱਟ ਹੋਣ ਕਰ ਕੇ ਪਾਕਿਸਤਾਨ ਸਰਕਾਰ ਨੇ ਭਾਰਤ ਨਾਲ ਦੁਨੀਆਂ ਭਰ ਦੀ ਸਿੱਖ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਜਨਮ ਅਸਥਾਨ ਨਨਕਾਣਾ ਸਾਹਿਬ ਆਉਣ ਦਾ ਸੱਦਾ ਦਿਤਾ ਹੈ।
ਇਸ ਨਾਲ ਹੀ ਪਾਕਿਸਤਾਨ ਸਰਕਾਰ ਨੇ ਵਕਫ਼ ਬੋਰਡ ਅਤੇ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਸਲਾਹ ਕਰ ਕੇ ਵੀਜ਼ਾ ਨੇਮਾਂ ਵਿਚ ਬਦਲਾਅ ਕੀਤੇ ਹਨ। ਕੋਵਿਡ ਦੀ ਵਜ੍ਹਾ ਕਰ ਕੇ 10 ਦੀ ਥਾਂ 5 ਦਿਨ ਦਾ ਵੀਜ਼ਾ ਦਿਤਾ ਗਿਆ ਹੈ। ਪਿਛਲੀ ਵਾਰ ਪਾਕਿਸਤਾਨ ਸਰਕਾਰ ਨੇ ਮਲਟੀਪਲ ਵੀਜ਼ਾ ਦਿਤਾ ਸੀ ਜਿਸ ਨਾਲ ਸ਼ਰਧਾਲੂ, ਲਾਹੌਰ, ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ, ਰੋਹੜੀ ਸਾਹਿਬ, ਫ਼ਰੂਕਾਬਾਦ ਜਾ ਸਕਦੇ ਸਨ। ਪਹਿਲੀ ਵਾਰ ਹੈ ਕਿ ਸਿੱਖ ਸ਼ਰਧਾਲੂਆਂ ਨੂੰ ਲਾਹੌਰ ਵਿਚ ਦੁਕਾਨਾਂ 'ਤੇ ਕੁੱਝ ਵੀ ਖ਼ਰੀਦਦਾਰੀ ਦੀ ਇਜਾਜ਼ਤ ਨਹੀਂ ਹੋਵੇਗੀ, ਸਿੱਖ ਸ਼ਰਧਾਲੂਆਂ ਨੂੰ 27 ਨਵੰਬਰ ਨੂੰ ਵਾਹਗਾ ਸਰਹੱਦ 'ਤੇ ਪਾਕਿਸਤਾਨ ਵਲੋਂ ਸਵਾਗਤ ਕੀਤਾ ਜਾਵੇਗਾ। ਬਸਾਂ ਦੇ ਜ਼ਰੀਏ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ। 1 ਦਸੰਬਰ ਨੂੰ ਬੱਸ ਜ਼ਰੀਏ ਹੀ ਵਾਹਗਾ ਸਰਹੱਦ 'ਤੇ ਸ਼ਰਧਾਲੂਆਂ ਨੂੰ ਛਡਿਆ ਜਾਵੇਗਾ। ਪਿਛਲੇ ਹਫ਼ਤੇ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਪਾਕਿਸਤਾਨ ਸਰਕਾਰ ਨੇ 29 ਜੁਲਾਈ ਤੋਂ ਭਾਰਤ ਸਰਕਾਰ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਪੀਲ ਕੀਤੀ ਸੀ ਪਰ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਮਿਲਿਆ ਹੈ।
ਮਾਰਚ ਵਿਚ ਕੋਵਿਡ ਦੇ ਫੈਲਾਅ ਤੋਂ ਬਾਅਦ ਕਰਤਾਰਪੁਰ ਲਾਂਘਾ ਬੰਦ ਕਰ ਦਿਤਾ ਗਿਆ ਸੀ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਨੂੰ ਕੁੱਝ ਦਿਨ ਪਹਿਲਾਂ ਅਪੀਲ ਕੀਤੀ ਸੀ ਕਿ ਕਰਤਾਰਪੁਰ ਦਾ ਲਾਂਘਾ ਖੋਲ੍ਹਿਆ ਜਾਵੇ।