
ਕੇਂਦਰ ਸਰਕਾਰ ਨੇ ਚੋਣ ਖ਼ਰਚ ਦੀ ਹੱਦ ਵਿਚ ਦਸ ਫ਼ੀ ਸਦੀ ਦਾ ਕੀਤਾ ਵਾਧਾ
ਨਵੀਂ ਦਿੱਲੀ, 20 ਅਕਤੂਬਰ: ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿਚ ਕਿਸਮਤ ਅਜ਼ਮਾਉਣ ਵਾਲੇ ਉਮੀਦਵਾਰਾਂ ਨੂੰ ਰਾਹਤ ਦਿੰਦੇ ਹੋਏ ਕੇਂਦਰ ਸਰਕਾਰ ਨੇ ਚੋਣ ਖ਼ਰਚ ਦੀ ਹੱਦ ਵਿਚ ਦਸ ਫ਼ੀ ਸਦੀ ਦਾ ਵਾਧਾ ਕਰ ਦਿਤਾ ਹੈ। ਇਸ ਤਹਿਤ ਹੁਣ ਲੋਕ ਸਭਾ ਚੋਣਾਂ ਵਿਚ ਵੱਧ ਤੋਂ ਵੱਧ 77 ਲੱਖ ਤੇ ਵਿਧਾਨ ਸਭਾ ਦੀਆਂ ਚੋਣਾਂ ਵਿਚ 30.80 ਲੱਖ ਤਕ ਖ਼ਰਚ ਕੀਤੇ ਜਾ ਸਕਣਗੇ। ਹਾਲੇ ਤਕ ਖ਼ਰਚ ਦੀ ਇਹ ਹੱਦ ਲੋਕ ਸਭਾ ਵਿਚ ਵੱਧ ਤੋਂ ਵੱਧ 70 ਲੱਖ ਰੁਪਏ ਤਕ ਤੇ ਵਿਧਾਨ ਸਭਾ ਵਿਚ 28 ਲੱਖ ਰੁਪਏ ਤਕ ਦੀ ਸੀ। ਕੇਂਦਰੀ ਕਾਨੂੰਨ ਮੰਤਰਾਲੇ ਵਲੋਂ ਜਾਰੀ ਨੋਟੀਫ਼ੀਕੇਸ਼ਨ ਤੋਂ ਬਾਅਦ ਇਹ ਵਾਧਾ ਤਤਕਾਲ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਚੋਣ ਖ਼ਰਚ ਹੱਦ ਵਿਚ ਕੀਤੇ ਗਏ ਵਾਧੇ ਦਾ ਤਤਕਾਲ ਫ਼ਾਇਦਾ ਬਿਹਾਰ ਵਿਧਾਨ ਸਭਾ ਚੋਣਾਂ ਨਾਲ ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿਚ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਹੋ ਰਹੀਆਂ ਜ਼ਿਮਨੀ ਚੋਣਾਂ ਵਿਚ ਵੀ ਮਿਲੇਗਾ। ਚੋਣ ਕਮਿਸ਼ਨ ਨੇ ਕੋਰੋਨਾ ਕਾਰਨ ਸਰਕਾਰ ਨੂੰ ਚੋਣ ਖ਼ਰਚ ਦੀ ਹੱਦ ਵਿਚ ਵਾਧੇ ਦਾ ਸੁਝਾਅ ਦਿਤਾ ਸੀ। (ਪੀ.ਟੀ.ਆਈ)