
ਇਨਸਾਫ਼ ਮੋਰਚੇ ਦੇ 112ਵੇਂ ਦਿਨ 109ਵੇਂ ਜਥੇ ਵਿਚ ਸ਼ਾਮਲ 8 ਸਿੰਘਾਂ ਨੇ ਦਿਤੀ ਗਿ੍ਰਫ਼ਤਾਰੀ
ਕੋਟਕਪੂਰਾ, 20 ਅਕਤੂਬਰ (ਗੁਰਿੰਦਰ ਸਿੰਘ) : ਬਰਗਾੜੀ ਵਿਖੇ ਵਾਪਰੇ ਬੇਅਦਬੀ ਕਾਂਡ ਅਤੇ ਉਸ ਨਾਲ ਜੁੜੇ ਪੁਲਸੀਆ ਅਤਿਆਚਾਰ ਵਾਲੇ ਮਾਮਲਿਆਂ ਦੇ ਇਨਸਾਫ਼ ਲਈ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਸ਼ੁਰੂ ਕੀਤੇ ਇਨਸਾਫ਼ ਮੋਰਚੇ ਦੇ 112ਵੇਂ ਦਿਨ 109ਵੇਂ ਜਥੇ ’ਚ ਸ਼ਾਮਲ 8 ਸਿੰਘਾਂ ਨੂੰ ਗਿ੍ਰਫ਼ਤਾਰੀ ਦੇਣ ਤੋਂ ਪਹਿਲਾਂ ਸਿਰੋਪਾਉ ਦੀ ਬਖ਼ਸ਼ਿਸ਼ ਨਾਲ ਸਨਮਾਨਤ ਕੀਤਾ ਗਿਆ।
ਗੁਰਦਵਾਰਾ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਅਪਣੇ ਸੰਬੋਧਨ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਆਖਿਆ ਕਿ ਪੀੜਤ ਪ੍ਰਵਾਰਾਂ, ਚਸ਼ਮਦੀਦ ਗਵਾਹਾਂ ਅਤੇ ਪੰਥਦਰਦੀਆਂ ਨੂੰ ਇਨਸਾਫ਼ ਦਿਵਾਉਣ ਲਈ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣੀਆਂ ਪੈਣਗੀਆਂ। ਉਨ੍ਹਾਂ ਗਿ੍ਰਫ਼ਤਾਰੀ ਦੇਣ ਲਈ ਆਏ ਹਰਿਆਣਾ ਦੇ ਜ਼ਿਲ੍ਹਾ ਕੁਰੂਕਸ਼ੇਤਰ ਅਤੇ ਜ਼ਿਲ੍ਹਾ ਤਰਨਤਾਰਨ ਦੇ 8 ਸਿੰਘਾਂ ’ਚ ਸ਼ਾਮਲ ਹਰਮਨਪ੍ਰੀਤ ਸਿੰਘ, ਕੁਲਦੀਪ ਸਿੰਘ, ਰਮਨਦੀਪ ਸਿੰਘ, ਤਰਸੇਮ ਸਿੰਘ, ਲਵਪ੍ਰੀਤ ਸਿੰਘ, ਰਨਵੀਤ ਸਿੰਘ, ਜਸਤਾਜ ਸਿੰਘ ਅਤੇ ਹਰਵਿੰਦਰ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਉਨ੍ਹਾਂ ਦਾ ਨਾਮ ਅੱਜ ਤੋਂ ਇਤਿਹਾਸ ਦੇ ਉਨ੍ਹਾਂ ਸੁਨਹਿਰੀ ਅੱਖਰਾਂ ’ਚ ਦਰਜ ਹੋ ਚੁੱਕਾ ਹੈ ਜਿਸ ਨੂੰ ਪੜ੍ਹ-ਸੁਣ ਕੇ ਉਨ੍ਹਾਂ ਦੀਆਂ ਕਈ ਪੀੜ੍ਹੀਆਂ ਖ਼ੁਸ਼ੀ ਅਤੇ ਮਾਣ ਮਹਿਸੂਸ ਕਰਨਗੀਆਂ। ਉਕਤਾਨ 8 ਸਿੰਘਾਂ ਦੀ ਅਗਵਾਈ ਵਿਚ ਕਾਫ਼ਲਾ ਰੋਸ ਮਾਰਚ ਦੇ ਰੂਪ ਵਿਚ ਮੋਰਚੇ ਵਾਲੇ ਸਥਾਨ ਨੇੜੇ ਪੁੱਜਾ, ਜਿਥੇ ਉਨ੍ਹਾਂ ਅਕਾਸ਼ ਗੁੰਜਾਊ ਨਾਹਰਿਆਂ ਅਤੇ ਜੈਕਾਰਿਆਂ ਨਾਲ ਗਿ੍ਰਫ਼ਤਾਰੀ ਦਿਤੀ।